ਬਾਜਵਾ ਨੇ ਸਾਊਦੀ ਵਿਦੇਸ਼ ਮੰਤਰੀ ਅੱਗੇ ਛੇੜਿਆ ਕਸ਼ਮੀਰ ਰਾਗ, ਕਿਹਾ-ਸ਼ਾਂਤੀ ਲਈ ਹੱਲ ਜ਼ਰੂਰੀ

12/20/2021 10:38:12 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ। ਜਨਰਲ ਬਾਜਵਾ ਨੇ ਕਿਹਾ ਹੈ ਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਕਸ਼ਮੀਰ ਮਾਮਲੇ ਦਾ ਹੱਲ ਮਹੱਤਵਪੂਰਨ ਹੈ। ਜਨਰਲ ਬਾਜਵਾ ਨੇ ਕਸ਼ਮੀਰ ਨੂੰ ਲੈਕੇ ਇਹ ਗੱਲਾਂ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਅਲ ਸਊਦ ਨਾਲ ਗੱਲਬਾਤ ਦੌਰਾਨ ਕਹੀਆਂ। ਸਮਾਚਾਰ ਏਜੰਸੀਆਂ ਮੁਤਾਬਕ ਇਸਲਾਮਿਕ ਦੇਸ਼ਾਂ ਦੇ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਤੋਂ ਵੱਖ ਪਾਕਿਸਤਾਨੀ ਫ਼ੌਜ ਮੁਖੀ ਨੇ ਸਾਊਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। 

ਪਾਕਿਸਤਾਨੀ ਫ਼ੌਜ ਵੱਲੋਂ ਇਸ ਸਬੰਧ ਵਿਚ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਸਾਊਦੀ ਵਿਦੇਸ਼ ਮੰਤਰੀ ਨਾਲ ਫ਼ੌਜ ਮੁਖੀ ਨੇ ਆਪਸੀ ਹਿੱਤਾਂ ਦੇ ਨਾਲ ਹੀ ਖੇਤਰੀ ਸੁਰੱਖਿਆ, ਅਫਗਾਨਿਸਤਾਨ ਵਿਚ ਮੌਜੂਦਾ ਹਾਲਾਤ, ਦੋ ਪੱਖੀ ਰੱਖਿਆ ਸਬੰਧ ਨੂੰ ਲੈਕੇ ਚਰਚਾ ਕੀਤੀ। ਪਾਕਿਸਤਾਨੀ ਫ਼ੌਜ ਵੱਲੋਂ ਜਾਰੀ ਬਿਆਨ ਮੁਤਾਬਕ ਜਨਰਲ ਬਾਜਵਾ ਨੇ ਸਾਊਦੀ ਵਿਦੇਸ਼ ਮੰਤਰੀ ਨਾਲ ਗੱਲਬਾਤ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੱਖਣ ਏਸ਼ੀਆ ਵਿਚ ਸਥਿਰਤਾ ਲਈ ਕਸ਼ਮੀਰ ਵਿਵਾਦ ਦਾ ਸ਼ਾਂਤੀਪੂਰਨ ਹੱਲ ਜ਼ਰੂਰੀ ਹੈ। ਪਾਕਿਸਤਾਨ ਦੇ ਫ਼ੌਜ ਮੁਖੀ ਨੇ  ਕਿਹਾ ਕਿ ਪਾਕਿਸਤਾਨ ਖੇਤਰੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣੇ ਹਰ ਗੁਆਂਢੀ ਦੇਸ਼ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ। ਜਨਰਲ ਬਾਜਵਾ ਨੇ ਓ.ਆਈ.ਸੀ. ਕੈਬਨਿਟ ਦਾ ਸੈਸ਼ਨ ਬੁਲਾਉਣ ਲਈ ਸਾਊਦੀ ਅਰਬ ਦੀ ਲੀਡਰਸ਼ਿਪ ਨੂੰ ਧੰਨਵਾਦ ਦਿੱਤਾ ਅਤੇ ਅਫਗਾਨਿਸਤਾਨ ਦੇ ਲਿਹਾਜ ਨਾਲ ਇਸ ਸੰਮੇਲਨ ਨੂੰ ਮਹੱਤਵਪੂਰਨ ਦੱਸਿਆ। 

ਪੜ੍ਹੋ ਇਹ ਅਹਿਮ ਖਬਰ -OIC ਦੀ ਮੀਟਿੰਗ : ਅਫਗਾਨਿਸਤਾਨ 'ਚ ਵਿਗੜਦੀ ਮਨੁੱਖੀ ਸਥਿਤੀ ਨੂੰ ਕੀਤਾ ਗਿਆ ਸਵੀਕਾਰ, ਇਮਰਾਨ ਨੇ ਕਹੀ ਇਹ ਗੱਲ

ਗੌਰਤਲਬ ਹੈ ਕਿ ਅਗਸਤ 2019 ਵਿਚ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਰਾਜ ਦਾ ਪੁਨਰਗਠਨ ਕਰ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ। ਭਾਰਤ ਸਰਕਾਰ ਨੇ ਨਾਲ ਹੀ ਜੰਮੂ-ਕਸ਼ਮੀਰ ਵਿਚ ਲਾਗੂ ਧਾਰਾ 370 ਅਤੇ 35ਏ ਨੂੰ ਵੀ ਹਟਾ ਦਿੱਤਾ ਸੀ। ਭਾਰਤ ਦੇ ਇਸ ਕਦਮ 'ਤੇ ਪਾਕਿਸਤਾਨ ਨੇ ਵਿਰੋਧ ਜਤਾਇਆ ਸੀ। ਭਾਰਤ ਨੇ ਇਸ ਨੂੰ ਅੰਦਰੂਨੀ ਮਾਮਲਾ ਦੱਸਦਿਆਂ ਗੁਆਂਢੀ ਦੇਸ਼ ਨੂੰ ਸਖ਼ਤ ਨਸੀਹਤ ਦਿੱਤੀ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana