ਵਿਸਾਖੀ 1978 ਦੇ ਸ਼ਹੀਦਾਂ ਦੀ ਯਾਦ ''ਚ ਇੰਟਰਨੈਸ਼ਨਲ ਕੀਰਤਨ ਸਮਾਗਮ 26 ਮਾਰਚ ਤੋਂ

03/23/2018 2:35:51 PM

ਲੰਡਨ(ਰਾਜਵੀਰ ਸਮਰਾ)— ਅਖੰਡ ਕੀਰਤਨੀ ਜਥਾ ਯੂ.ਕੇ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਿਰਜਨਾ ਦਿਵਸ ਵਿਸਾਖੀ ਅਤੇ 1978 ਦੇ ਸ਼ਹੀਦਾਂ ਦੀ 40ਵੀਂ ਯਾਦ ਵਿਚ ਸਾਲਾਨਾ ਇੰਟਰਨੈਸ਼ਨਲ ਕੀਰਤਨ ਸਮਾਗਮ ਈਸਟਰ ਦੀਆਂ ਛੁੱਟੀਆਂ ਵਿਚ 26 ਮਾਰਚ ਤੋਂ 2 ਅਪ੍ਰੈਲ ਤੱਕ ਆਯੋਜਿਤ ਕੀਤੇ ਜਾ ਰਹੇ ਜਨ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਸਮਾਗਮਾਂ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰੋਫੈਸਰ ਮਨਜੀਤ ਸਿੰਘ ਜੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜੋ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ।


ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਕੀਰਤਨ ਦੀਆਂ ਹਾਜ਼ਰੀਆਂ ਭਰਨ ਲਈ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਉੱਘੇ ਕੀਰਤਨੀਏ ਪਹੁੰਚ ਰਹੇ ਹਨ, ਜਿਨ੍ਹਾਂ ਵਿਚ ਖਾਸ ਕਰਕੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦੇ ਨਾਂ ਵਰਣਨਯੋਗ ਹਨ, ਇਨ੍ਹਾਂ ਤੋਂ ਇਲਾਵਾ ਕੀਰਤਨੀ ਜਥੇ ਅਤੇ ਸੰਗਤਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਡੀਆ ਅਤੇ ਯੂਰਪੀ ਦੇਸ਼ਾਂ ਤੋਂ ਵੀ ਪਹੁੰਚ ਰਹੀਆਂ ਹਨ। ਅਖੰਡ ਕੀਰਤਨੀ ਜਥੇ ਦੇ ਸਿੰਘਾਂ ਸਿੰਘਣੀਆਂ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ, ਸਿੱਖ ਧਰਮ ਨਾਲ ਸਬੰਧਿਤ ਲਿਟਰੇਚਰ ਅਤੇ ਹੋਰ ਧਾਰਮਿਕ ਵਸਤਾਂ ਦੇ ਸਟਾਲ ਵੀ ਲਗਾਏ ਜਾਂਦੇ ਹਨ। ਡਰਬੀ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਦੇ ਸਮਾਗਮਾਂ ਵਰਗਾ ਮਾਹੌਲ ਬਣ ਜਾਂਦਾ ਹੈ। ਦੂਰ ਦਰੇਡਿਓਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਹਵਾਈ ਅੱਡਿਆਂ ਤੋਂ ਲਿਆਉਣ, ਛੱਡਣ ਅਤੇ ਇਥੇ ਰਿਹਾਇਸ਼ ਦਾ ਪ੍ਰਬੰਧ ਵੀ ਗੁਰੂ ਘਰ ਵੱਲੋਂ ਕੀਤਾ ਗਿਆ ਹੈ।
ਸੇਵਾਦਾਰਾਂ ਵੱਲੋਂ ਸਮੂਹ ਸਾਧ ਸੰਗਤ, ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਅਤੇ ਸਮੂਹ ਸਿੱਖ ਸੰਸਥਾਵਾਂ ਦੇ ਸੇਵਾਦਾਰਾਂ ਨੂੰ ਸਮਾਗਮਾਂ ਵਿਚ ਪਹੁੰਚਣ ਲਈ ਬੇਨਤੀ ਕੀਤੀ ਗਈ ਹੈ ਕਿ ਸਿੰਘ ਸਭਾ ਡਰਬੀ ਵਿਖੇ ਪਹੁੰਚ ਕੇ ਹਾਜ਼ਰੀਆਂ ਭਰੋ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਸ ਦੌਰਾਨ ਅਜਾਇਬਘਰ ਵਿਖੇ ਵਿਸਾਖੀ 1978 ਦੇ ਸ਼ਹੀਦਾਂ ਦੀ ਯਾਦ ਵਿਚ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ, ਜਿਸ ਦੌਰਾਨ ਚਾਲੀ ਸਾਲ ਪਹਿਲਾਂ ਦੇ ਇਤਿਹਾਸਕ ਸਾਕੇ ਬਾਰੇ ਬਹੁਤ ਹੀ ਨਾਯਾਬ ਤੱਥ ਦੇਖਣ ਨੂੰ ਮਿਲਣਗੇ। ਸਿੰਘ ਸਭਾ ਦੇ ਯੂ-ਟਿਊਬ, ਰੇਡੀਓ, ਅਤੇ ਅਖੰਡ ਕੀਰਤਨੀ ਜਥੇ ਦੀ ਵੈਬਸਾਈਟ ਅਤੇ ਸਿੱਖ ਟੀਵੀ ਚੈਨਲਾਂ ਵੱਲੋਂ ਸਮਾਗਮ ਕਵਰ ਕੀਤਾ ਜਾ ਰਿਹਾ ਹੈ।