ਮਾਸੂਮ ਦੀ ਮੌਤ ਦਾ ਕਾਰਨ ਬਣੀ ਇਸ ਔਰਤ ਨੂੰ ਮਿਲੀ ਜਮਾਨਤ

09/23/2017 10:16:40 AM

ਟੋਰਾਂਟੋ— ਕੈਨੇਡਾ 'ਚ ਇਕ 3 ਸਾਲਾ ਬੱਚੇ ਦੀ ਮੌਤ ਕਾਰ 'ਚ ਬੰਦ ਰਹਿਣ ਕਾਰਨ ਹੋ ਗਈ ਸੀ। ਬੱਚੇ ਨੂੰ ਸੰਭਾਲਣ ਵਾਲੀ 50 ਸਾਲਾ ਔਰਤ ਦੀ ਅਣਗਹਿਲੀ ਕਾਰਨ ਬੱਚੇ ਦੀ ਮੌਤ ਹੋਈ ਸੀ। ਜ਼ੇਲਜ਼ਨਾ ਕੋਸਸੋਵੈਕ ਨਾਂ ਦੀ ਇਸ ਦੋਸ਼ੀ ਔਰਤ ਨੂੰ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਇਸ 'ਤੇ ਬਹੁਤ ਸਾਰੇ ਲੋਕ ਨਿਰਾਸ਼ ਹੋਏ। 


ਤੁਹਾਨੂੰ ਦੱਸ ਦਈਏ ਕਿ ਵੀਰਵਾਰ ਦੁਪਹਿਰ ਸਮੇਂ 2.30 ਵਜੇ ਕੋਲੋਂ ਲੰਘ ਰਹੇ ਸਫਾਈ ਕਰਮਚਾਰੀ ਨੂੰ ਇਕ ਲਾਲ ਰੰਗ ਦੀ ਗੱਡੀ 'ਚ ਬੇਹੋਸ਼ ਪਿਆ ਬੱਚਾ ਦਿਖਾਈ ਦਿੱਤਾ ਸੀ। ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ। ਇਹ ਕਾਰ ਕੇਅਰ ਹੋਮ ਦੇ ਬਾਹਰ ਖੜ੍ਹੀ ਸੀ ਤੇ ਜ਼ੇਲਜ਼ਨਾ ਬੱਚੇ ਨੂੰ ਇੱਥੇ ਛੱਡ ਕੇ ਭੁੱਲ ਗਈ ਸੀ।ਜਿਸ ਥਾਂ 'ਤੇ ਇਹ ਕਾਰ ਖੜ੍ਹੀ ਸੀ, ਉੱਥੇ ਜਾ ਕੇ ਲੋਕਾਂ ਨੇ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਲੋਕਾਂ ਨੇ ਇੱਥੇ ਕਈ ਖਿਡੌਣੇ ਅਤੇ ਵਿਦਾਈ ਸੰਦੇਸ਼ ਲਿਖੇ। ਬਹੁਤ ਸਾਰੇ ਲੋਕਾਂ ਨੇ ਭਾਵੁਕ ਹੋ ਕੇ ਕਿਹਾ ਕਿ ਇਸ ਔਰਤ ਦੀ ਗਲਤੀ ਕਾਰਨ ਬੱਚੇ ਨੇ ਆਪਣੀ ਜਾਨ ਗੁਆ ਲਈ ਹੈ ਤੇ ਇਸ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।