ਬਹਿਰੀਨ ਨੂੰ ਸ਼ੱਕ-''ਸਾਊਦੀ ਤੇਲ ਪਲਾਂਟ ''ਤੇ ਹਮਲੇ ''ਚ ਈਰਾਨ ਦਾ ਹੱਥ''

09/29/2019 1:42:46 PM

ਮਾਸਕੋ— ਬਹਿਰੀਨ ਦੇ ਵਿਦੇਸ਼ ਮੰਤਰੀ ਖਾਲਿਦ ਅਹਿਮਦ ਬਿਨ ਮੁਹੰਮਦ ਅਲ ਖਲੀਫਾ ਨੇ ਸਾਊਦੀ ਤੇਲ ਪਲਾਂਟ ਅਰਾਮਕੋ 'ਤੇ ਹੋਏ ਡਰੋਨ ਹਮਲੇ 'ਚ ਈਰਾਨ ਦਾ ਹੱਥ ਹੋਣ ਦਾ ਦੋਸ਼ ਲਗਾਉਂਦੇ ਹੋਏ ਐਤਵਾਰ ਨੂੰ ਕੌਮਾਂਤਰੀ ਭਾਈਚਾਰੇ ਤੋਂ ਈਰਾਨ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।

ਅਮਰੀਕਾ ਦੇ ਨਿਊਯਾਰਕ 'ਚ ਆਯੋਜਿਤ ਸੰਯੁਕਤ ਰਾਸ਼ਟਰ ਦੀ 74ਵੀਂ ਮਹਾਸਭਾ 'ਚ ਖਾਲਿਦ ਨੇ ਈਰਾਨ 'ਤੇ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ,''ਅਸੀਂ ਮਹਾਸਭਾ ਅਤੇ ਸੁਰੱਖਿਆ ਪ੍ਰੀਸ਼ਦ 'ਚ ਕੌਮਾਂਤਰੀ ਭਾਈਚਾਰੇ ਤੋਂ ਈਰਾਨ ਵਲੋਂ ਤੇਲ ਪਲਾਂਟਾਂ 'ਤੇ ਹਮਲੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।'' ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਸਾਊਦੀ ਅਰਬ ਦੀਆਂ ਦੋ ਪੈਟਰੋਲੀਅਮ ਕੰਪਨੀਆਂ ਅਬਕੈਕ ਅਤੇ ਖੁਰੇਜ 'ਚ ਡਰੋਨ ਨਾਲ ਹਮਲਾ ਕੀਤਾ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਹਾਲਾਂਕਿ ਯਮਨ ਦੇ ਹੌਤੀ ਵਿਦਰੋਹੀਆਂ ਨੇ ਲਈ ਸੀ। ਅਮਰੀਕਾ ਲਗਾਤਾਰ ਇਸ ਦੇ ਪਿੱਛੇ ਈਰਾਨ ਦਾ ਹੱਥ ਹੋਣ ਦਾ ਦਾਅਵਾ ਕਰਦਾ ਆ ਰਿਹਾ ਹੈ। ਈਰਾਨ ਹਾਲਾਂਕਿ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਦੋਸ਼ਾਂ ਨੂੰ ਸ਼ੁਰੂ ਤੋਂ ਨਕਾਰਦਾ ਰਿਹਾ ਹੈ।