ਕਾਬੁਲ ਹਵਾਈ ਅੱਡੇ ''ਤੇ ਵਿਛੜ ਗਿਆ ਸੀ 2 ਮਹੀਨੇ ਦਾ ''ਮਾਸੂਮ'', ਹੁਣ ਪਹੁੰਚਿਆ ਪਰਿਵਾਰ ਕੋਲ

01/09/2022 5:55:42 PM

ਕਾਬੁਲ (ਬਿਊਰੋ): ਪਿਛਲੇ ਸਾਲ ਅਗਸਤ 'ਚ ਜਿਵੇਂ ਹੀ ਅਫਗਾਨਿਸਤਾਨ 'ਚ ਤਾਲਿਬਾਨ ਨੇ ਕਬਜ਼ਾ ਕੀਤਾ, ਰਾਜਧਾਨੀ ਕਾਬੁਲ ਦੇ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ ਸੀ। ਲੋਕ ਕਿਸੇ ਵੀ ਕੀਮਤ 'ਤੇ ਦੇਸ਼ ਛੱਡਣ ਲਈ ਬੇਚੈਨ ਸਨ। ਇਸੇ ਸੰਘਰਸ਼ ਵਿੱਚ ਦੋ ਮਹੀਨੇ ਦੇ ਬੱਚੇ ਦੀ ਕੰਡਿਆਲੀ ਤਾਰ ਦੀ ਵਾੜ ਵਿੱਚ ਅਮਰੀਕੀ ਸੈਨਿਕਾਂ ਨੂੰ ਸੌਂਪਣ ਦੀ ਤਸਵੀਰ ਵੀ ਸਾਹਮਣੇ ਆਈ ਸੀ ਪਰ ਉਹ ਆਪਣੇ ਪਰਿਵਾਰ ਤੱਕ ਨਹੀਂ ਪਹੁੰਚਿਆ ਅਤੇ ਵਿਛੜ ਗਿਆ। ਹੁਣ ਸ਼ਨੀਵਾਰ ਨੂੰ ਉਹੀ ਮਾਸੂਮ ਸੋਹੇਲ ਅਹਿਮਦੀ ਆਪਣੇ ਰਿਸ਼ਤੇਦਾਰਾਂ ਕੋਲ ਕਾਬੁਲ ਪਹੁੰਚ ਗਿਆ ਹੈ।

ਅਫਗਾਨ ਸ਼ਰਨਾਰਥੀ ਪਰਿਵਾਰ ਬੱਚੇ ਦੇ ਗੁਆਚਣ ਨਾਲ ਬਹੁਤ ਦੁਖੀ ਸੀ। 19 ਅਗਸਤ ਨੂੰ ਗੁੰਮ ਹੋਇਆ ਸੋਹੇਲ ਕਾਬੁਲ ਵਿੱਚ 29 ਸਾਲਾ ਟੈਕਸੀ ਡਰਾਈਵਰ ਹਾਮਿਦ ਸਫੀ ਨੂੰ ਮਿਲਿਆ ਸੀ। ਦਰਅਸਲ ਹਾਮਿਦ ਨੂੰ ਏਅਰਪੋਰਟ 'ਤੇ ਬੱਚਾ ਮਿਲਿਆ ਸੀ ਅਤੇ ਉਹ ਉਸ ਨੂੰ ਆਪਣੇ ਘਰ ਲੈ ਆਇਆ ਸੀ। ਹਾਮਿਦ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਰਿਹਾ। ਅਸਲ ਵਿਚ ਜਿਹੜੇ ਦਿਨ ਸੋਹੇਲ ਨੂੰ ਉਸ ਦੇ ਪਿਤਾ ਨੇ ਸੈਨਿਆਂ ਨੂੰ ਸੌਂਪਿਆ ਸੀ, ਉਸੇ ਦਿਨ ਹਾਮਿਦ ਆਪਣੇ ਭਰਾ ਨੂੰ ਹਵਾਈ ਅੱਡੇ 'ਤੇ ਛੱਡ ਕੇ ਵਾਪਸ ਆ ਰਿਹਾ ਸੀ। ਵਾਪਸੀ ਸਮੇਂ ਉਸ ਨੇ ਦੇਖਿਆ ਕਿ ਇਕ ਬੱਚਾ ਹਵਾਈ ਅੱਡੇ 'ਤੇ ਰੋ ਰਿਹਾ ਹੈ। ਹਾਮਿਦ ਨੇ ਬੱਚੇ ਦੇ ਮਾਤਾ-ਪਿਤਾ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਪਤਾ ਨਾ ਚੱਲ ਸਕਿਆ। ਇਸ ਮਗਰੋਂ ਹਾਮਿਦ ਬੱਚੇ ਨੂੰ ਘਰ ਲੈ ਆਇਆ। ਘਰ ਵਿਚ ਉਸ ਦੀ ਪਤਨੀ ਅਤੇ ਤਿੰਨ ਬੱਚੀਆਂ ਹਨ। ਇਸ ਲਈ ਹਾਮਿਦ ਨੇ ਸੋਹੇਲ ਨੂੰ ਆਪਣਾ ਪੁੱਤਰ ਮੰਨ ਕੇ ਪਾਲਣ ਦਾ ਫ਼ੈਸਲਾ ਲਿਆ। ਭਾਵੇਂਕਿ ਉਸ ਦਾ ਕਹਿਣਾ ਹੈ ਕਿ ਉਸ ਨੇ ਤੈਅ ਕੀਤਾ ਸੀ ਕਿ ਜੇਕਰ ਸੋਹੇਲ ਦੇ ਮਾਤਾ-ਪਿਤਾ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਵਾਪਸ ਕਰ ਦੇਣਗੇ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਭਾਰੀ ਮੀਂਹ ਅਤੇ ਬਰਫ਼ਬਾਰੀ, ਬੱਚਿਆਂ ਸਮੇਤ 40 ਤੋਂ ਵੱਧ ਲੋਕਾਂ ਦੀ ਮੌਤ ਤੇ ਕਈ ਬੇਘਰ

ਆਪਣੇ ਨਾਨੇ ਕੋਲ ਪਹੁੰਚਿਆ ਸੋਹੇਲ
ਸੋਹੇਲ ਦੀਆਂ ਤਸਵੀਰਾਂ ਮੀਡੀਆ ਵਿਚ ਆਉਣ ਮਗਰੋਂ ਅਹਿਮਦੀ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਉਹਨਾਂ ਦੇ ਬੇਟਾ ਹਾਮਿਦ ਸਫੀ ਕੋਲ ਹੈ। ਕਿਉਂਕਿ ਸੋਹੇਲ ਦੇ ਮਾਤਾ-ਪਿਤਾ ਫਿਲਹਾਲ ਅਮਰੀਕਾ ਵਿਚ ਹਨ, ਇਸ ਲਈ ਉਹਨਾਂ ਨੇ ਸੋਹੇਲ ਦੇ ਨਾਮਾ ਮੁਹੰਮਦ ਕਾਸਿਮ ਰਜ਼ਵੀ ਨੂੰ ਸੋਹੇਲ ਨੂੰ ਹਾਮਿਦ ਤੋਂ ਲੈਣ ਅਤੇ ਆਪਣੇ ਕੋਲ ਰੱਖਣ ਦੀ ਅਪੀਲ ਕੀਤੀ। ਉੱਧਰ ਹਾਮਿਦ ਨੇ ਸੋਹੇਲ ਨੂੰ ਰਜ਼ਵੀ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਰਜ਼ਵੀ ਨੇ ਤਾਲਿਬਾਨੀ ਪੁਲਸ ਦੀ ਮਦਦ ਲਈ। ਆਖਿਰਕਾਰ ਸੱਤ ਹਫ਼ਤਿਆਂ ਦੀ ਮਿਹਨਤ ਦੇ ਬਾਅਦ ਹਾਮਿਦ ਅਤੇ ਉਸ ਦੇ ਪਰਿਵਾਰ ਨੇ ਦਿਲ 'ਤੇ ਪੱਥਰ ਰੱਖ ਕੇ ਸੋਹੇਲ ਨੂੰ ਉਸ ਦੇ ਨਾਨੇ ਨੂੰ ਸੌਂਪ ਦਿੱਤਾ। ਹੁਣ ਰਜ਼ਵੀ ਦਾ ਇਕ ਹੀ ਉਦੇਸ਼ ਹੈ ਕਿ ਸੋਹੇਲ ਨੂੰ ਉਸ ਦੇ ਮਾਤਾ-ਪਿਤਾ ਤੱਕ ਅਮਰੀਕਾ ਪਹੁੰਚਾਉਣਾ। ਸੋਹੇਲ ਨੇ ਮਿਲਣ ਨਾਲ ਅਹਿਮਦੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

ਪੜ੍ਹੋ ਇਹ ਅਹਿਮ ਖਬਰ -ਨਿਊਯਾਰਕ 'ਚ ਗੈਰ-ਨਾਗਰਿਕਾਂ ਲਈ ਵੱਡਾ ਐਲਾਨ, ਮਿਲਿਆ 'ਵੋਟ' ਪਾਉਣ ਦਾ ਅਧਿਕਾਰ

ਦਰਅਸਲ ਸੋਹੇਲ ਦੇ ਪਿਤਾ ਮਿਰਜ਼ਾ ਅਲੀ ਅਹਿਮਦ ਅਮਰੀਕੀ ਦੂਤਾਵਾਸ ਵਿੱਚ ਸੁਰੱਖਿਆ ਗਾਰਡ ਸਨ। ਮਿਰਜ਼ਾ ਅਲੀ ਅਹਿਮਦੀ, ਉਸ ਦੀ ਪਤਨੀ ਸੁਰੱਈਆ ਅਤੇ ਉਨ੍ਹਾਂ ਦੇ ਪੰਜ ਬੱਚੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਿਸੇ ਤਰ੍ਹਾਂ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਗੇਟ 'ਤੇ ਪਹੁੰਚ ਗਏ ਸਨ। ਇਸ ਦੌਰਾਨ ਸੁਰੱਈਆ ਨੂੰ ਲੱਗਾ ਕਿ ਸ਼ਾਇਦ ਉਸ ਦਾ ਬੱਚਾ ਇੱਥੇ ਫਸਿਆ ਹੋਇਆ ਹੈ ਕਿਉਂਕਿ ਏਅਰਪੋਰਟ 'ਤੇ ਹਫੜਾ-ਦਫੜੀ ਮੱਚੀ ਹੋਈ ਸੀ। ਉਨ੍ਹਾਂ ਨੇ ਦੋ ਮਹੀਨੇ ਦੇ ਸੋਹੇਲ ਨੂੰ ਵਾੜ ਉੱਤੇ ਅਮਰੀਕੀ ਸੈਨਿਕਾਂ ਨੂੰ ਸੌਂਪ ਦਿੱਤਾ। ਇਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਪਰਿਵਾਰ ਨੂੰ ਏਅਰਪੋਰਟ ਦੇ ਅੰਦਰ ਪਹੁੰਚਣ ਵਿਚ ਅੱਧਾ ਘੰਟਾ ਲੱਗ ਗਿਆ ਅਤੇ ਉਦੋਂ ਤੱਕ ਬੱਚਾ ਲਾਪਤਾ ਹੋ ਗਿਆ ਸੀ ਪਰ ਹੁਣ ਕਾਬੁਲ ਵਿਚ ਸੋਹੇਲ ਦੇ ਰਿਸ਼ਤੇਦਾਰ ਉਸ ਨੂੰ ਅਮਰੀਕਾ ਲੈ ਕੇ ਉਸ ਦੇ ਮਾਪਿਆਂ ਕੋਲ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana