ਸਿਡਨੀ ''ਚ ਬੱਚੇ ਦੀ ਸ਼ਰਾਰਤ ਨੇ ਮਾਂ ਨੂੰ ਪਾਈਆਂ ਭਾਜੜਾਂ, ਮੁਸ਼ਕਲ ਨਾਲ ਬਚਾਈ ਜਾਨ

12/14/2017 11:57:15 AM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ 'ਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਆਸਟ੍ਰੇਲੀਆ ਦੇ ਸਿਡਨੀ 'ਚ ਤਾਪਮਾਨ 28 ਤੋਂ 30 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਇਸ ਕੜਕਦੀ ਗਰਮੀ 'ਚ ਨਿਊ ਸਾਊਥ ਵੇਲਜ਼ 'ਚ ਇਕ ਮਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਉਸ ਦਾ ਬੱਚਾ ਕਾਰ 'ਚ ਬੰਦ ਹੋ ਗਿਆ। ਇਹ ਘਟਨਾ ਨਿਊ ਸਾਊਥ ਵੇਲਜ਼ ਦੇ ਸ਼ਹਿਰ ਮਾਊਂਟ ਡਰੂਟ 'ਚ ਦੁਪਹਿਰ ਦੇ ਸਮੇਂ ਵਾਪਰੀ। ਬੱਚਾ ਅੰਦਰ ਬੰਦ ਹੋ ਗਿਆ। ਬੱਚੇ ਨੇ ਆਪਣੀ ਮਾਂ ਤੋਂ ਕਾਰ ਦੀਆਂ ਚਾਬੀਆਂ ਲੈ ਲਈਆਂ ਅਤੇ ਖੁਦ ਨੂੰ ਕਾਰ 'ਚ ਲੌਕ ਕਰ ਲਿਆ ਸੀ। 18 ਮਹੀਨਿਆਂ ਦਾ ਹਾਡਲੇ ਨਿਊਮੈਨ ਕਾਰ 'ਚ ਬੰਦ ਰਿਹਾ। ਦਰਅਸਲ ਬੱਚੇ ਦੀ ਮਾਂ ਜੈਸਿਕਾ ਨਿਊਮੈਨ ਕਾਰ ਨੂੰ ਪਾਰਕਿੰਗ 'ਚ ਖੜ੍ਹੀ ਕਰ ਕੇ ਗਈ ਸੀ। ਮਾਂ ਨੇ ਹਥੌੜੇ ਜ਼ਰੀਏ ਕਾਰ ਦੇ ਸ਼ੀਸ਼ੇ ਤੋੜੇ ਅਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ।
ਮਾਂ ਨੇ ਦੱਸਿਆ ਕਿ ਉਸ ਨੂੰ ਬੱਚੇ ਦੀ ਇਹ ਸ਼ਰਾਰਤ ਮਹਿੰਗੀ ਪੈ ਸਕਦੀ ਸੀ। ਮੈਂ ਕਿਸੇ ਤਰ੍ਹਾਂ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਨੂੰ ਬਾਹਰ ਕੱਢਿਆ। ਮੇਰੇ ਲਈ ਇਹ ਸਭ ਤੋਂ ਔਖਾ ਸਮਾਂ ਸੀ, ਮੈਂ 10 ਮਿੰਟ ਤੱਕ ਆਪਣੇ ਬੱਚੇ ਨੂੰ ਬਾਹਰ ਕੱਢਣ ਲਈ ਜੂਝਦੀ ਰਹੀ। ਜਦੋਂ ਮੈਂ ਆਪਣੇ ਬੱਚੇ ਨੂੰ ਬਾਹਰ ਕੱਢਿਆ ਤਾਂ ਉਸ ਦਾ ਚਿਹਰਾ ਲਾਲ ਅਤੇ ਪਸੀਨੇ ਨਾਲ ਭਿੱਜਿਆ ਹੋਇਆ ਸੀ। ਇੱਥੇ ਦੱਸ ਦੇਈਏ ਕਿ ਸਿਡਨੀ 'ਚ ਇਸ ਸਮੇਂ ਤਾਪਮਾਨ ਸਭ ਤੋਂ ਵਧ ਹੈ ਅਤੇ ਹੋਰ ਤਾਪਮਾਨ ਵਧਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ।