ਇਟਲੀ 'ਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 61ਵਾਂ ਪ੍ਰੀ-ਨਿਰਵਾਣ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

12/15/2017 3:28:05 PM

ਰੋਮ,(ਕੈਂਥ)—  ਇਟਲੀ 'ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਡਾ. ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਪਿਤਾਮਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 61ਵਾਂ ਪ੍ਰੀ-ਨਿਰਵਾਣ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਵਿੱਚ ਇਟਲੀ ਭਰ ਤੋਂ ਅੰਬੇਡਕਰੀ ਸਾਥੀਆਂ ਨੇ ਸ਼ਿਰਕਤ ਕੀਤੀ।ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਗਰੀਸ ਤੋਂ ਯੂਰਪ ਦੇ ਉੱਘੇ ਅੰਬੇਡਕਰੀ ਸ਼੍ਰੀ ਮਲਕੀਤ ਹਰਦਾਸਪੁਰੀ ਪ੍ਰਧਾਨ 'ਇੰਡੀਅਨ ਸੋਸ਼ਲ ਵੈਲਫੇਅਰ ਅਤੇ ਡਾ. ਬੀ.ਆਰ ਅੰਬੇਡਕਰ ਮਿਸ਼ਨ ਸੁਸਾਇਟੀ ਗਰੀਸ'(ਰਜਿ:)ਨੇ ਸ਼ਿਕਰਤ ਕੀਤੀ।
ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪਰੰਤ ਸਮਾਗਮ ਦੀ ਸ਼ੁਰੂਆਤ ਮੌਕੇ ਗੁਰੂਘਰ ਦੇ ਪਾਠੀ ਸਾਹਿਬਾਨ ਸ਼੍ਰੀ ਸਤਨਾਮ ਸਿੰਘ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ “ਬੇਗਮਪੁਰਾ ਸ਼ਹਿਰ ਕੋ ਨਾਓ“ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਅੰਬੇਡਕਰੀ ਸ਼੍ਰੀ ਮਲਕੀਤ ਹਰਦਾਸਪੁਰੀ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਡਾ. ਭੀਮ ਰਾਓ ਦੀ ਬਦੌਲਤ ਹੀ ਅਸੀਂ ਵਿਦੇਸ਼ੀ ਧਰਤੀ ਉੱਤੇ ਮਿਸ਼ਨ ਦੇ ਝੰਡੇ ਗੱਡ ਰਹੇ ਹਾਂ । ਜਿਹੜੇ ਲੋਕ ਆਪਣੇ ਪੁਰਖਾਂ ਦਾ ਇਤਿਹਾਸ ਭੁੱਲ ਜਾਂਦੇ ਹਨ, ਉਹ ਕੌਮ ਨੂੰ ਤਾਂ ਕੀ ਆਪਣੇ ਪਰਿਵਾਰ ਨੂੰ ਵੀ ਅੱਗੇ ਨਹੀਂ ਲਿਜਾ ਸਕਦੇ।
ਸ਼੍ਰੀ ਮਲਕੀਤ ਹਰਦਾਸਪੁਰੀ ਨੇ ਵਿਸਥਾਰਪੂਰਵਕ ਚਾਨਣਾ ਪਾਇਆ ਕਿ ਬਾਬਾ ਸਾਹਿਬ ਜੀ ਨੇ ਕਿਸ ਤਰ੍ਹਾਂ ਸੰਘਰਸ਼ਮਈ ਘਾਲਣਾਵਾਂ ਕਰਕੇ ਉਹਨਾਂ ਲੋਕਾਂ ਨੂੰ ਸਮਾਜ ਅੰਦਰ ਬਰਾਬਰਤਾ ਦੇ ਹੱਕ ਲੈਕੇ ਦਿੱਤੇ ਜਿਹੜੇ ਲੋਕ ਪਸ਼ੂਆਂ ਤੋਂ ਵੀ ਬਦਤਰ ਜ਼ਿੰਦਗੀ ਜਿਊਣ ਲਈ ਮਜ਼ਬੂਰ ਸਨ। ਬਾਬਾ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਆਪਣੇ ਪਛੜੇ ਸਮਾਜ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ । ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਮਾਜ ਇਸ ਦੇਸ਼ ਦਾ ਹੁਕਮਰਾਨ ਬਣੇ ਪਰ ਅਫਸੋਸ ਕਰੋੜਾਂ ਲੋਕਾਂ ਦਾ ਦਲਿਤ ਸਮਾਜ ਉਨ੍ਹਾਂ ਦੇ ਜਿਊਂਦੇ ਜੀਅ ਉਹਨਾਂ ਦੀ ਰੀਝ ਪੂਰੀ ਨਹੀਂ ਕਰ ਸਕਿਆ। ਸਮੁੱਚੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਪੜ੍ਹਨ ਤੇ ਉਸ ਉੱਤੇ ਅਮਲ ਕਰਨ ਦੀ ਸਖ਼ਤ ਜ਼ਰੂਰਤ ਹੈ ਨਹੀਂ ਤਾਂ ਉਹ ਫਿਰ ਗੁਲਾਮ ਹੋ ਜਾਵੇਗਾ। ਇਸ ਸਮਾਗਮ ਵਿੱਚ ਗੁਰੂਘਰ ਦੇ ਪ੍ਰੈੱਸ ਸਕੱਤਰ ਅਜਮੇਰ ਦਾਸ ਕਲੇਰ ਨੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਲੋਕਾਂ ਅੱਗੇ ਰੱਖਿਆ। ਉਨ੍ਹਾਂ ਇਕ ਕਵਿਤਾ ਦੇ ਰੂਪ 'ਚ ਬਾਬਾ ਸਾਹਿਬ ਅੱਗੇ ਸਜਦਾ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਸੰਘਰਸ਼ ਭਰੀਆਂ ਕੋਸ਼ਿਸ਼ਾਂ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸ਼੍ਰੀ ਜਸਵੀਰ ਬੱਬੂ ਵੱਲੋਂ ਹਾਜ਼ਰ ਸੰਗਤਾਂ ਨੂੰ ਮਿਸ਼ਨ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਬਾਬਾ ਸਾਹਿਬ ਦੀਆਂ ਦਲਿਤ ਸਮਾਜ ਲਈ ਕੀਤੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।ਇਸ 61ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ ਸਟੇਜ ਸਕੱਤਰ ਦੀ ਸੇਵਾ ਕੁਲਜਿੰਦਰ ਬੱਬਲੂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਪ੍ਰਬੰਧਕਾਂ ਵੱਲੋਂ ਉੱਘੇ ਅੰਬੇਡਕਰੀ ਸ਼੍ਰੀ ਮਲਕੀਤ ਹਰਦਾਸਪੁਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।