ਅਜ਼ਰਬੈਜਾਨ ਤੇ ਅਰਮੇਨੀਆ ਜੰਗ ''ਚ ਹੁਣ ਤੱਕ 300 ਦੀ ਮੌਤ, ਈਰਾਨ ਨੇ ਦਿੱਤੀ ਤਬਾਹੀ ਦੀ ਚਿਤਾਵਨੀ

10/09/2020 1:38:14 AM

ਯੇਰੇਵਾਨ - ਅਜ਼ਰਬੈਜਾਨ ਅਤੇ ਅਰਮੇਨੀਆ ਵਿਚਾਲੇ ਵਿਵਾਦਤ ਨਾਗੋਰਨੋ-ਕਾਰਾਬਾਖ ਇਲਾਕੇ ਨੂੰ ਲੈ ਕੇ ਸੰਘਰਸ਼ ਅਜੇ ਵੀ ਜਾਰੀ ਹੈ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਫਿਲਹਾਲ ਪਿੱਛੇ ਹੱਟਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਜੰਗ ਵਿਚ ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਤਬਾਹੀ ਆ ਸਕਦੀ ਹੈ ਅਤੇ ਇਹ ਲੜਾਈ ਵਿਆਪਕ ਰੂਪ ਨਾਲ ਖੇਤਰੀ ਜੰਗ ਨੂੰ ਵਧਾ ਸਕਦੀ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਆਖਿਆ ਹੈ ਕਿ ਇਸ ਜੰਗ ਤੋਂ ਬਾਅਦ ਇਲਾਕੇ ਦੀ ਸਥਿਰਤਾ ਨੂੰ ਖਤਰਾ ਹੈ ਅਤੇ ਇਹ ਇੰਝ ਹੀ ਚੱਲਦਾ ਰਿਹਾ ਤਾਂ ਗੁਆਂਢੀ ਦੇਸ਼ਾਂ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਈਰਾਨ ਨੇ ਆਖਿਆ ਕਿ ਇਹ ਇਲਾਕਾ ਰਸਮੀ ਰੂਪ ਨਾਲ ਅਜ਼ਰਬੈਜਾਨ ਦਾ ਹਿੱਸਾ ਹੈ ਪਰ ਇਥੇ ਰਹਿਣ ਵਾਲੇ ਲੋਕ ਅਰਮੇਨੀਆਈ ਹਨ। ਫਿਲਹਾਲ ਹੀ ਦੋਵੇਂ ਦੇਸ਼ ਇਕ ਦੂਜੇ 'ਤੇ ਹਿੰਸਾ ਦੀ ਸ਼ੁਰੂਆਤ ਕਰਨ ਦਾ ਦੋਸ਼ ਲਾ ਰਹੇ ਹਨ।

ਈਰਾਨ ਨੇ ਅੱਗੇ ਆਖਿਆ ਕਿ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਅਜ਼ਰਬੈਜਾਨ ਅਤੇ ਅਰਮੇਨੀਆ ਦੀ ਇਹ ਲੜਾਈ ਇਸ ਇਲਾਕੇ ਦੀ ਲੜਾਈ ਨਾ ਬਣ ਜਾਵੇ। ਸ਼ਾਂਤੀ ਸਾਡੇ ਕੰਮ ਦਾ ਆਧਾਰ ਹੈ ਅਤੇ ਅਸੀਂ ਸ਼ਾਂਤੀਪੂਰਣ ਤਰੀਕੇ ਨਾਲ ਖੇਤਰ ਵਿਚ ਸਥਿਰਤਾ ਬਹਾਲ ਕਰਨ ਦੀ ਉਮੀਦ ਕਰਦੇ ਹਾਂ। ਉਨ੍ਹਾਂ ਅੱਗੇ ਆਖਿਆ ਕਿ ਈਰਾਨ ਦੀ ਮਿੱਟੀ 'ਤੇ ਗਲਤੀ ਨਾਲ ਵੀ ਮਿਜ਼ਾਈਲ ਜਾਂ ਗੋਲੇ ਡਿਗੇ ਤਾਂ ਇਸ ਦਾ ਨੁਕਸਾਨ ਭੁਗਤਣਾ ਪੈ ਸਕਦਾ ਹੈ। ਸਾਡੀ ਤਰਜ਼ੀਹ ਸਾਡੇ ਸ਼ਹਿਰਾਂ ਅਤੇ ਪਿੰਡਾਂ ਦੀ ਸੁਰੱਖਿਆ ਹੈ। ਦੋਹਾਂ ਦੇਸ਼ਾਂ ਦਾ ਆਖਣਾ ਹੈ ਕਿ ਦੱਖਣੀ ਕਾਕੇਸ਼ਸ ਇਲਾਕੇ ਵਿਚ ਪਿਛਲੇ 25 ਸਾਲਾਂ ਵਿਚ ਹੋ ਰਹੀ ਘਾਤਕ ਲੜਾਈ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪੱਛਮੀ ਮੀਡੀਆ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਨਾਗੋਰਨੋ-ਕਾਰਾਬਾਖ ਦੇ ਰਿਹਾਇਸ਼ੀ ਇਲਾਕਿਆਂ ਵਿਚ ਅਜ਼ਰਬੈਜਾਨੀ ਫੌਜ ਕਲਸਟਰ ਬੰਬ ਸੁੱਟ ਰਹੀ ਹੈ। ਅੰਤਰਰਾਸ਼ਟਰੀ ਸਮਝੌਤਿਆਂ ਮੁਤਾਬਕ ਕਲਸਟਰ ਬੰਬ ਦੇ ਇਸਤੇਮਾਲ 'ਤੇ ਪਾਬੰਦੀ ਹੈ। ਹਾਲਾਂਕਿ ਨਾ ਤਾਂ ਅਜ਼ਰਬੈਜਾਨ ਨੇ ਅਤੇ ਨਾ ਹੀ ਅਰਮੇਨੀਆ ਨੇ ਇਸ ਨਾਲ ਜੁੜੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

ਬ੍ਰਿਟਿਸ਼ ਅਖਬਾਰ ਟੈਲੀਗ੍ਰਾਫ ਨੇ ਕਿਹਾ ਹੈ ਕਿ ਨਾਗੋਰਨੋ-ਕਾਰਾਬਾਖ ਦੀ ਰਾਜਧਾਨੀ ਸਟੇਪਨਾਕਿਯਰਟ ਵਿਚ ਹੋਈ ਬੰਬਮਾਰੀ ਦੌਰਾਨ ਕਲਸਟਰ ਬੰਬਾਂ ਦਾ ਇਸਤੇਮਾਲ ਦੇਖਿਆ ਗਿਆ ਹੈ। ਕਲਸਟਰ ਬੰਬ ਖਾਸ ਤਰ੍ਹਾਂ ਦੇ ਬੰਬ ਹੁੰਦੇ ਹਨ ਜੋ ਇਕੱਠੇ ਸੈਂਕੜੇ ਛੋਟੇ-ਛੋਟੇ ਬੰਬਾਂ ਨਾਲ ਬਣਦੇ ਹਨ। ਫਟਣ 'ਤੇ ਇਹ ਵੱਡੇ ਇਲਾਕੇ ਵਿਚ ਫੈਲ ਜਾਂਦੇ ਹਨ ਅਤੇ ਜ਼ਿਆਦਾ ਗਿਣਤੀ ਵਿਚ ਲੋਕਾਂ ਨੂੰ ਜ਼ਖਮੀ ਕਰ ਸਕਦੇ ਹਨ। ਨਾਗੋਰਨੋ-ਕਾਰਾਬਾਖ ਵਿਚ ਜੰਗ ਖਤਮ ਹੋਣ ਦੇ ਆਸਾਰ ਬਹੁਤ ਘੱਟ ਦਿਖ ਰਹੇ ਹਨ। ਰਾਇਟਰਸ ਮੁਤਾਬਕ, ਅਜ਼ਰਬੈਜਾਨ ਦਾ ਆਖਣਾ ਹੈ ਕਿ ਨਾਗੋਰਨੋ-ਕਾਰਾਬਾਖ ਦੇ ਬਾਹਰ ਉਸ ਦੇ ਸ਼ਹਿਰਾਂ 'ਤੇ ਹਮਲੇ ਤੋਂ ਬਾਅਦ ਲੜਾਈ ਪਾਈਪਲਾਇੰਸ ਨੇੜੇ ਪਹੁੰਚ ਗਈ ਹੈ ਜਿਥੋਂ ਯੂਰਪ ਨੂੰ ਗੈਸ ਅਤੇ ਤੇਲ ਦੀ ਸਪਲਾਈ ਹੁੰਦੀ ਹੈ। ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਮਾ ਅਲੀਯੇਵ ਨੇ ਆਖਿਆ ਕਿ ਇਸ ਲੜਾਈ ਨੂੰ ਰੋਕਣ ਲਈ ਅਰਮੇਨੀਆ ਨੂੰ ਨਾਗੋਰਨੋ-ਕਾਰਾਬਾਖ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਆਪਣੇ ਫੌਜ ਹਟਾਉਣੀ ਹੋਵੇਗੀ। 

ਨਾਟੋ ਪ੍ਰਮੁੱਖ ਜੈਂਸ ਸਟੋਲਨਬਰਗ ਨੇ ਦੋਹਾਂ ਪੱਖਾਂ ਤੋਂ ਨਾਗੋਰਨੋ-ਕਾਰਾਬਾਖ ਵਿਚ ਜਾਰੀ ਤੁਰੰਤ ਲੜਾਈ ਖਤਮ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਤੁਰਕੀ ਦੇ ਦੌਰੇ ਦੌਰਾਨ ਆਖਿਆ ਕਿ ਇਸ ਦਾ ਕੋਈ ਫੌਜੀ ਹੱਲ ਨਹੀਂ ਹੈ। ਉਥੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵੀ ਆਖਿਆ ਕਿ ਜੰਗ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਓ. ਐੱਸ. ਸੀ. ਈ. ਮਿੰਸਕ ਸਮੂਹ ਦੇ ਸਹਿ-ਪ੍ਰਮੁੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਨਾਗੋਰਨੋ-ਕਾਰਾਬਾਖ ਅਤੇ ਉਸ ਦੇ ਆਲੇ-ਦੁਆਲੇ ਵਿਚ ਹਿੰਸਾ ਵਧਣ ਦੀ ਨਿੰਦਾ ਕੀਤੀ ਹੈ। ਨਾਲ ਹੀ ਤੁਰੰਤ ਅਤੇ ਬਿਨਾਂ ਸ਼ਰਤ ਦੇ ਜੰਗ ਰੋਕਣ ਦੀ ਮੰਗ ਕੀਤੀ ਹੈ। ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਵੀ ਅਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿੰਯਾਨ ਤੋਂ ਲੜਾਈ ਵਿਚ ਹੋਏ ਨੁਕਸਾਨਾਂ ਨੂੰ ਲੈ ਕੇ ਚਰਚਾ ਕੀਤੀ ਹੈ ਅਤੇ ਜਲਦ ਜੰਗਬੰਦੀ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ।

ਉਥੇ ਹੀ ਅਰਮੇਨੀਆ ਦੀ ਰਾਜਧਾਨੀ ਯੇਰੇਵਾਨ ਵਿਚ ਲੋਕਾਂ ਨੇ ਕਾਰਾਬਾਖ ਵਿਚ ਲੜ੍ਹ ਰਹੀ ਆਪਣੀ ਫੌਜ ਦੇ ਲਈ ਸਮਰਥਨ ਜਤਾਇਆ ਹੈ। ਇਥੇ ਟਾਊਨ ਹਾਲ ਵਿਚ ਇਕ ਵੱਡੀ ਸਕ੍ਰੀਨ ਲਾਈ ਗਈ ਹੈ ਜਿਸ ਵਿਚ ਦੇਸ਼ ਭਗਤੀ ਵਾਲੇ ਗਾਣੇ ਵਜਾਏ ਜਾ ਰਹੇ ਹਨ ਅਤੇ ਉਥੇ ਰਹਿਣ ਵਾਲੇ ਲੋਕਾਂ ਨੇ ਗਲੀਆਂ ਵਿਚ ਝੰਡੇ ਲਹਿਰਾਉਣੇ ਸ਼ੁਰੂ ਕਰ ਦਿੱਤੇ ਹਨ। ਇਕ ਹਫਤੇ ਪਹਿਲਾਂ ਸ਼ੁਰੂ ਹੋਈ ਇਸ ਲੜਾਈ ਵਿਚ ਹੁਣ ਤੱਕ ਘਟੋਂ-ਘੱਟ 200 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਨਾਗੋਰਨੋ-ਕਾਰਾਬਾਖ ਵਿਚ ਸਾਲ 2016 ਵਿਚ ਵੀ ਲੜਾਈ ਹੋਈ ਸੀ ਜਿਸ ਵਿਚ 200 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ, ਫਰਾਂਸ ਅਤੇ ਰੂਸ ਨੇ ਸੰਯੁਕਤ ਰੂਪ ਤੋਂ ਨਾਗੋਰਨੋ-ਕਾਰਾਬਾਖ ਵਿਚ ਲੜਾਈ ਦੀ ਨਿੰਦਾ ਕੀਤੀ ਹੈ ਅਤੇ ਸ਼ਾਂਤੀ ਵਾਰਤਾ ਲਈ ਕਿਹਾ ਹੈ ਪਰ ਜੰਗਬੰਦੀ ਖਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ।

Khushdeep Jassi

This news is Content Editor Khushdeep Jassi