ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ, ਯੂਰਪੀ ਦੇਸ਼ ਆਸਟਰੀਆ ''ਚ ਰਜਿਸਟਰਡ ਹੋਇਆ ਸਿੱਖ ਧਰਮ

12/27/2020 5:59:48 PM

ਰੋਮ (ਦਲਵੀਰ ਕੈਂਥ): ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਦੁਨੀਆ ਭਰ ਵਿੱਚ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੁਲਾ ਰਿਹਾ ਹੈ। ਸਾਡੇ ਮਹਾਨ ਸਿੱਖ ਧਰਮ ਨੂੰ ਵਿਦੇਸ਼ਾਂ ਵਿੱਚ ਰਜਿਸਟਰਡ ਕਰਵਾਉਣ ਲਈ ਗੁਰੂ ਦੀਆਂ ਲਾਡਲੀਆਂ ਫੌਜਾਂ ਸਦਾ ਹੀ ਤੱਤਪਰ ਹਨ।ਇਸ ਕਾਰਵਾਈ ਵਿੱਚ ਸਿੱਖ ਸੰਗਤ ਲਈ ਖੁਸ਼ੀ ਦੀ ਵੱਡੀ ਖ਼ਬਰ ਉਦੋਂ ਆਈ, ਜਦੋਂ ਯੂਰਪ ਦੇ ਸਨੁੱਖੇ ਦੇਸ਼ ਆਸਟਰੀਆ ਵਿੱਚ ਸਾਡਾ ਮਹਾਨ ਸਿੱਖ ਧਰਮ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਦੀਆਂ ਅਣਥੱਕ ਕੋਸਿ਼ਸਾਂ ਦੇ ਸੱਦਕੇ ਰਜਿਸਟਰਡ ਹੋ ਗਿਆ ਹੈ।

ਸਿੱਖ ਨੌਜਵਾਨ ਸਭਾ ਨੇ ਆਸਟਰੀਆ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ ਕਾਰਵਾਈ ਸੁਰੂ ਕੀਤੀ ਸੀ। ਮਹਿਜ 13 ਮਹੀਨਿਆਂ ਦੀ ਘਾਲਣਾ ਦੇ ਬਾਅਦ 17 ਦਸੰਬਰ, 2020 ਨੂੰ ਉਹਨਾਂ ਨੂੰ ਸਿੱਖ ਧਰਮ ਦੇ ਆਸਟਰੀਆ ਵਿੱਚ ਰਜਿਸਟਰਡ ਹੋਣ ਦਾ ਸਰਟੀਫਿਕੇਟ ਮਿਲ ਗਿਆ। 23 ਦਸੰਬਰ 2020 ਤੋਂ ਆਸਟਰੀਆ ਵਿੱਚ ਜਨਮ ਲੈਣ ਵਾਲੇ ਸਿੱਖ ਸਮਾਜ ਦੇ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਉਸ ਦਾ ਧਰਮ ਸਿੱਖ ਲਿਖਵਾਉਣ ਦੀ ਕਾਰਵਾਈ ਸੁਰੂ ਹੋ ਗਈ ਹੈ।ਹੁਣ ਆਸਟਰੀਆ ਦੀਆਂ ਸਿੱਖ ਸੰਗਤਾਂ ਇਸ ਗੱਲ ਵੱਲ ਧਿਆਨ ਦੇਣ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਜਨਮ ਸਰਟੀਫਿਕੇਟ ਉੱਤੇ ਉਸ ਦਾ ਧਰਮ ਸਿੱਖ ਧਰਮ ਲਿਖਾਉਣਾ ਨਾ ਭੁੱਲਣ।ਇਸ ਇਤਿਹਾਸਕ ਕਾਰਵਾਈ ਨਾਲ ਆਸਟਰੀਆ ਯੂਰਪ ਦਾ ਪਹਿਲਾ ਅਜਿਹਾ ਦੇਸ਼ ਬਣਿਆ ਹੈ ਜਿੱਥੇ ਕਿ ਸਿੱਖ ਧਰਮ ਰਜਿਸਟਰਡ ਹੋਇਆ ਹੈ ਤੇ ਉਹ ਵੀ ਇੰਨੇ ਘੱਟ ਸਮੇਂ ਵਿੱਚ ਜਦੋਂ ਕਿ ਯੂਰਪ ਦੇ ਕਈ ਹੋਰ ਦੇਸ਼ਾਂ ਵਿੱਚ ਪਿਛਲੇ ਦੋ-ਦੋ ਦਹਾਕਿਆਂ ਤੋਂ ਸਿੱਖ ਆਗੂ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਯਤਨਸ਼ੀਲ ਹਨ ਪਰ ਹਾਲੇ ਤੱਕ ਉਹ ਇਸ ਕਾਰਵਾਈ ਨੂੰ ਨੇਪੜੇ ਨਹੀਂ ਚਾੜ ਸਕੇ।

ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਹੁਣ ਯੂਰਪ ਦੇ ਹੋਰ ਦੇਸ਼ਾਂ ਵਿੱਚੋਂ ਵੀ ਸਿੱਖ ਸੰਗਤਾਂ ਨੂੰ ਸਿੱਖ ਧਰਮ ਰਜਿਸਟਰਡ ਹੋਣ ਦੀਆਂ ਖੁਸ਼ੀ ਵਾਲੀਆਂ ਖਬਰਾਂ ਜਲਦ ਮਿਲਣਗੀਆ।ਜ਼ਿਕਰਯੋਗ ਹੈ ਕਿ ਮਹਾਨ ਸਿੱਖ ਧਰਮ ਦਾ 15 ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਤੋਂ ਆਗਾਜ਼ ਹੋਇਆ ਸੀ ਤੇ ਅੱਜ ਦੁਨੀਆਂ ਦੇ ਵੱਡੇ ਧਰਮਾਂ ਵਿੱਚ ਨਵਾਂ ਧਰਮ ਹੋਣਦੇ ਬਾਵਜੂਦ ਵੀ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਜਿਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਰੀਬ 28 ਮਿਲੀਅਨ ਹੈ।

ਨੋਟ- ਯੂਰਪੀ ਦੇਸ਼ ਆਸਟਰੀਆ 'ਚ ਰਜਿਸਟਰਡ ਹੋਇਆ ਸਿੱਖ ਧਰਮ, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana