31ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 30 ਮਾਰਚ ਤੋਂ ਸ਼ੁਰੂ

03/27/2018 4:13:29 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱਧਰ 'ਤੇ ਆਯੋਜਿਤ ਹੋਣ ਵਾਲੀਆਂ 31ਵੀਆਂ ਸਾਲਾਨਾ ਸਿੱਖ ਖੇਡਾਂ 30 ਮਾਰਚ ਤੋਂ 1 ਅਪ੍ਰੈਲ ਤੱਕ ਨਿਊ ਸਾਊਥ ਵੇਲਜ਼ ਸੂਬੇ ਦੇ ਸ਼ਹਿਰ ਸਿਡਨੀ ਦੇ ਕਰੈਸਟ ਸਪੋਰਟਿੰਗ ਕੰਪਲੈਕਸ ਬਾਸ ਹਿੱਲ ਵਿਚ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ,
ਵਾਲੀਬਾਲ, ਨੈੱਟਬਾਲ, ਟੈਨਿਸ, ਬੈਡਮਿੰਟਨ ਦੇ ਮੁਕਾਬਲੇ ਕਰਵਾਏ ਜਾਣਗੇ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮਹਾਕੁੰਭ ਵਿਚ ਵੱਖ-ਵੱਖ ਦੇਸ਼ਾਂ ਤੋਂ ਕਰੀਬ 2500 ਖਿਡਾਰੀ ਹਿੱਸਾ ਲੈ ਰਹੇ ਹਨ। 
30 ਮਾਰਚ ਨੂੰ ਸਿਡਨੀ ਦੇ ਪੈਰਾਮਟਾ ਇਲਾਕੇ ਹੋਣ ਵਾਲੀ ਸੱਭਿਆਚਾਰਕ ਸ਼ਾਮ ਵਿਚ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। 31 ਮਾਰਚ ਨੂੰ ਕਰਵਾਏ ਜਾ ਰਹੇ ਸਿੱਖ ਫੋਰਮ ਵਿਚ ਪੰਜਾਬੀ ਭਾਈਚਾਰੇ ਦੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ, ਘਰੇਲੂ ਹਿੰਸਾ ਖਤਮ ਕਰਨ, ਆਸਟ੍ਰੇਲੀਆ ਦੇ ਸੂਬਾਈ ਅਤੇ ਕੌਮੀ ਪੱਧਰ ਤੇ ਪੰਜਾਬੀਆਂ ਦੀ ਉਸਾਰੂ ਪ੍ਰਤੀਨਿਧਤਾ ਕਰਨ ਸਮੇਤ ਕਈ ਮੁੱਦੇ ਵਿਚਾਰੇ ਜਾਣਗੇ। ਇਸ ਮੌਕੇ ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਈਸਟਰ ਦੀਆਂ ਛੁੱਟੀਆਂ ਹੋਣ ਕਾਰਨ ਇਸ ਖੇਡ ਮੇਲੇ ਵਿਚ ਵੱਖ-ਵੱਖ ਸ਼ਹਿਰਾਂ ਤੋਂ 70 ਹਜ਼ਾਰ ਦੇ ਕਰੀਬ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਆਸਟ੍ਰੇਲੀਆਈ ਸਿੱਖ ਖੇਡਾਂ 'ਚ ਲਾਗੂ ਹੋਣਗੇ ਨਵੇਂ ਦਿਸ਼ਾ-ਨਿਰਦੇਸ਼ : 
ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਦੇ ਕੌਮੀ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਇਨ੍ਹਾਂ ਖੇਡਾਂ ਵਿਚ ਵਧੇਰੇ ਪਾਰਦਰਸ਼ਤਾ ਅਤੇ ਇਕਸਾਰਤਾ ਲਿਆਉਣ ਲਈ ਨਵੀਂ ਖੇਡ ਨੀਤੀ ਲਾਗੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਹਰ ਕਲੱਬ ਨੂੰ ਅੰਕਾਂ ਦੇ ਆਧਾਰ 'ਤੇ ਖੇਡ ਮਿਆਰ ਨੂੰ ਕਾਇਮ ਰੱਖਣ ਲਈ ਸਾਫ-ਸੁਥਰੀ ਖੇਡ ਦਾ ਪ੍ਰਦਰਸ਼ਨ ਕਰਨਾ ਪਵੇਗਾ। ਲੋੜੀਂਦੇ ਅੰਕ ਖਤਮ ਕਰਨ ਦੀ ਸੂਰਤ 'ਚ ਸੰਬੰਧਿਤ ਕਲੱਬ ਖਿਲਾਫ ਸਿੱਖ ਖੇਡ ਕਮੇਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਵਾਰ ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨ ਤਹਿਤ ਹਰ ਕਬੱਡੀ ਕਲੱਬ ਦੋ ਵਿਦੇਸ਼ੀ ਖਿਡਾਰੀਆਂ ਨੂੰ ਆਪਣੇ ਕਲੱਬ 'ਚ ਸ਼ਾਮਲ ਕਰ ਸਕਦਾ ਹੈ ਅਤੇ ਕਬੱਡੀ ਜਗਤ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਇਨ੍ਹਾਂ ਖੇਡਾਂ ਵਿਚ ਆਪਣੀ ਪ੍ਰਦਰਸ਼ਨੀ ਨਾਲ ਜੌਹਰ ਦਿਖਾਉਣਗੇ।