ਚੀਨ ਨਾਲ ਸੰਬੰਧਾਂ ਦੇ ਦੋਸ਼ ''ਚ ਘਿਰੇ ਆਸਟ੍ਰੇਲੀਆਈ ਸੰਸਦ ਮੈਂਬਰ ਦੇਣਗੇ ਅਸਤੀਫਾ

12/12/2017 4:21:55 PM

ਸਿਡਨੀ (ਏਜੰਸੀ)— ਆਸਟ੍ਰੇਲੀਆ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਚੀਨ ਨਾਲ ਸੰਬੰਧਾਂ ਦੇ ਦੋਸ਼ 'ਚ ਘਿਰੇ ਹਨ, ਜਿਸ ਕਾਰਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਸੈਮ ਡੈਸਟਾਇਰੀ ਆਸਟ੍ਰੇਲੀਆ ਵਿਚ ਲੇਬਰ ਪਾਰਟੀ ਦਾ ਲੋਕਪ੍ਰਿਅ ਚਿਹਰਾ ਹੈ। ਉਨ੍ਹਾਂ 'ਤੇ ਲੰਬੇ ਸਮੇਂ ਤੋਂ ਆਸਟ੍ਰੇਲੀਆ 'ਚ ਚੀਨੀ ਹਿੱਤ 'ਚ ਕੰਮ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕਾਫੀ ਸੋਚ ਸਮਝ ਤੋਂ ਬਾਅਦ ਫੈਸਲਾ ਲਿਆ ਹੈ ਕਿ ਮੈਂ ਲੇਬਰ ਪਾਰਟੀ ਨੂੰ ਚੰਗੀ ਸੇਵਾ ਪ੍ਰਦਾਨ ਕਰ ਸਕਦਾ ਹੈ, ਮੈਂ 2018 'ਚ ਸੰਸਦ 'ਚ ਵਾਪਸ ਨਹੀਂ ਆਉਣਾ ਚਾਹੁੰਦਾ ਹਾਂ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਬੀਜਿੰਗ ਅਤੇ ਕੈਨਬਰਾ ਦੇ ਰਿਸ਼ਤਿਆਂ ਵਿਚ ਉਦੋਂ ਤਣਾਅ ਪੈਦਾ ਹੋ ਗਿਆ ਸੀ, ਜਦੋਂ ਆਸਟ੍ਰੇਲੀਆ ਨੇ ਐਲਾਨ ਕੀਤਾ ਸੀ ਕਿ ਉਹ ਦੇਸ਼ ਵਿਚ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਵਿਦੇਸ਼ੀ ਚੰਦੇ 'ਤੇ ਰੋਕ ਲਾਏਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਹ ਵੀ ਕਿਹਾ ਸੀ ਕਿ ਚੀਨ, ਆਸਟ੍ਰੇਲੀਆ ਦੀ ਰਾਜਨੀਤੀ ਵਿਚ ਦਖਲ ਦੇ ਰਿਹਾ ਹੈ। ਚੀਨ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਆਸਟ੍ਰੇਲੀਆ ਦੀ ਰਾਜਨੀਤੀ ਵਿਚ ਉਦੋਂ ਭੂਚਾਲ ਆ ਗਿਆ ਸੀ, ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਡੈਸਟਾਇਰੀ ਚੀਨ ਦੇ ਉਦਯੋਗਪਤੀ ਹੁਆਂਗ ਜਿਆਨਗਮੋ ਨੂੰ ਉਨ੍ਹਾਂ ਦਾ ਫੋਨ ਟੈਪ ਹੋਣ ਦੇ ਸੰਬੰਧ 'ਚ ਚੌਕਸ ਕਰ ਰਹੇ ਸਨ।