ਆਸਟ੍ਰੇਲੀਆ ਜੰਗਲੀ ਅੱਗ ਕਾਰਨ ਪੀ. ਐੱਮ. ਦੀ ਕੁਰਸੀ ਨੂੰ ਖਤਰਾ, ਐਗਜ਼ਿਟ ਪੋਲ ''ਚ ਖੁਲ੍ਹਾਸਾ

01/13/2020 2:04:07 PM

ਕੈਨਬਰਾ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੂੰ ਲੈ ਕੇ ਸਹੀ ਕਦਮ ਨਾ ਚੁੱਕਣ ਅਤੇ ਆਫਤ ਦੇ ਸਮੇਂ ਪਰਿਵਾਰ ਨਾਲ ਛੁੱਟੀਆਂ 'ਤੇ ਜਾਣ ਕਾਰਨ ਪੀ. ਐੱਮ. ਸਕੌਟ ਮੌਰੀਸਨ ਦੀ ਲੋਕਪ੍ਰਿਯਤਾ ਘੱਟ ਹੋ ਗਈ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਅੱਗ ਕਾਰਨ ਪੀ. ਐੱਮ. ਦੀ ਕੁਰਸੀ ਖਤਰੇ 'ਚ ਹੈ। ਇਕ ਤਾਜ਼ਾ ਐਗਜ਼ਿਟ ਪੋਲ ਮੁਤਾਬਕ ਅਗਸਤ 2018 'ਚ ਮੌਰੀਸਨ ਦੀ ਲੋਕਪ੍ਰਿਯਤਾ 'ਚ ਕਾਫੀ ਕਮੀ ਆਈ ਹੈ। ਮੌਰੀਸਨ ਦੀ ਤੁਲਨਾ 'ਚ ਵਿਰੋਧੀ ਨੇਤਾ ਐਂਥੋਨੀ ਅਲਬਨਿਸ ਦੀ ਰੇਟਿੰਗ 'ਚ 10 ਅੰਕਾਂ ਦਾ ਵਾਧਾ ਹੋਇਆ ਹੈ।

 

ਪੋਲ 'ਚ 43 ਫੀਸਦੀ ਲੋਕਾਂ ਨੇ ਮੌਰੀਸਨ ਦੇ ਬਦਲੇ ਅਲਬਨਿਸ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਹਿਲ ਦਿੱਤੀ ਹੈ ਜਦਕਿ ਮੌਰੀਸਨ ਨੂੰ ਸਿਰਫ 39 ਅੰਕ ਮਿਲੇ ਹਨ। ਇਸ ਪੋਲ 'ਚ 1505 ਲੋਕਾਂ ਤੋਂ ਜੰਗਲੀ ਅੱਗ ਨੂੰ ਲੈ ਕੇ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ 'ਤੇ ਰਾਇ ਲਈ ਗਈ ਸੀ ਜਿਸ 'ਚ ਲੋਕਾਂ ਨੇ ਮੌਰੀਸਨ ਦੀ ਬਹੁਤ ਆਲੋਚਨਾ ਕੀਤੀ। ਮੌਰੀਸਨ ਨੂੰ ਆਪਣੇ ਗ੍ਰਹਿ  ਸੂਬੇ ਨਿਊ ਸਾਊਥ ਵੇਲਜ਼ 'ਚ ਲੱਗੀ ਭਿਆਨਕ ਅੱਗ ਦੌਰਾਨ ਪਰਿਵਾਰ ਨਾਲ ਛੁੱਟੀਆਂ ਕੱਟਣ ਜਾਣ ਕਾਰਨ ਮੁਆਫੀ ਵੀ ਮੰਗਣੀ ਪਈ ਸੀ। ਉਨ੍ਹਾਂ ਨੇ ਭਾਰਤ ਦੌਰੇ ਨੂੰ ਵੀ ਰੱਦ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਐਤਵਾਰ ਨੂੰ ਵੀ ਸਵਿਕਾਰ ਕੀਤਾ ਕਿ ਬੁਸ਼ਫਾਇਰ ਵਰਗੇ ਸੰਕਟ ਦੇ ਸਮੇਂ ਉਨ੍ਹਾਂ ਨੂੰ ਦੇਸ਼ ਛੱਡ ਕੇ ਘੁੰਮਣ-ਫਿਰਨ ਨਹੀਂ ਜਾਣਾ ਚਾਹੀਦਾ ਸੀ। ਦੱਖਣੀ ਅਮਰੀਕੀ ਖੇਤਰ 'ਚ ਅਮੇਜ਼ਨ ਦੇ ਜੰਗਲਾਂ ਤੋਂ ਬਾਅਦ ਆਸਟ੍ਰੇਲੀਆ 'ਚ ਲੱਗੀ ਜੰਗਲੀ ਅੱਗ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਅੱਗ ਮੰਨਿਆ ਜਾ ਰਿਹਾ ਹੈ। ਇਸ ਕਾਰਨ ਹੁਣ ਤਕ ਕਰੋੜਾਂ ਜਾਨਵਰਾਂ ਅਤੇ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੋੜਾਂ ਰੁਪਏ ਦੀ ਜਾਇਦਾਦ ਸਵਾਹ ਹੋ ਚੁੱਕੀ ਹੈ। ਜੰਗਲਾਂ ਦੀ ਅੱਗ ਨੇ ਇਸ ਦੇਸ਼ ਦਾ ਨਕਸ਼ਾ ਹੀ ਬਦਲ ਦਿੱਤਾ ਹੈ ਅਤੇ ਕਈ ਜਾਨਵਰਾਂ ਦੀਆਂ ਨਸਲਾਂ ਖਤਮ ਹੋ ਗਈਆਂ ਹਨ।