ਸ਼ਰਣਾਰਥੀਆਂ ਦੀ ਮਦਦ ਲਈ ਅੱਗੇ ਆਈ ਆਸਟਰੇਲੀਆ ਦੀ ਪੋਪ ਸਟਾਰ ਸੀਆ

01/29/2017 3:21:57 PM

ਸਿਡਨੀ— ਆਸਟਰੇਲੀਆ ਦੀ ਪੋਪ ਸਟਾਰ ਸੀਆ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦਾ ਹਿੱਸਾ ਹੈ ਅਤੇ ਉਹ ਲੋਕਾਂ ਦੀ ਮਦਦ ਕਰਨ ਲਈ ਅੱਗੇ ਰਹਿੰਦੀ ਹੈ। ਡੋਨਾਲਡ ਟਰੰਪ ਨੇ ਹੁਕਮ ਦਿੱਤਾ ਹੈ ਕਿ ਉਹ 7 ਮੁਸਲਮਾਨ ਦੇਸ਼ਾਂ ਦੇ ਅਪ੍ਰਵਾਸੀਆਂ ਅਤੇ ਸ਼ਰਣਾਰਥੀਆਂ ਦੀ ਸਖਤ ਜਾਂਚ ਕਰਵਾ ਕੇ ਹੀ ਉਨ੍ਹਾਂ ਨੂੰ ਅਮਰੀਕਾ ''ਚ ਦਾਖਲ ਹੋਣ ਦੇਣਗੇ। ਉਨ੍ਹਾਂ ਨੇ ਈਰਾਨ, ਇਰਾਕ, ਸੂਡਾਨ, ਲੀਬੀਆ, ਯਮਨ, ਸੀਰੀਆ ਅਤੇ ਸੋਮਾਲੀਆ ਦੇ ਨਾਗਰਿਕਾਂ ''ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਨਾਗਰਿਕ ਘੱਟੋ-ਘੱਟ 4 ਮਹੀਨਿਆਂ ਤਕ ਅਮਰੀਕਾ ਨਹੀਂ ਆ ਸਕਦੇ। ਇਸ ਕਾਰਨ ਲੋਕਾਂ ਦੇ ਦਿਲਾਂ ''ਚ ਬਹੁਤ ਗੁੱਸਾ ਹੈ। 

ਸੀਆ ਨੇ ਟਵੀਟ ਕਰ ਕੇ ਸਭ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਲੋਕਾਂ ਦੀ ਮਦਦ ਕਰੇਗੀ। ਉਸਨੇ ਲੋਕਾਂ ਨੂੰ ਕਿਹਾ ਕਿ ਉਹ ਉਸਦੇ ਨਾਲ ਜੁੜਨ ਅਤੇ ਨਿਰਦੋਸ਼ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ। ਉਸਦੇ ਟਵੀਟ ਮਗਰੋਂ ਬਹੁਤ ਸਾਰੇ ਲੋਕ ਉਸਦੇ ਨਾਲ ਜੁੜੇ ਹਨ ਅਤੇ ਦਾਨ ਰਾਸ਼ੀ ਦੇ ਰਹੇ ਹਨ। ਉਸਦੇ ਟਵੀਟ ਨੂੰ ਕੁੱਝ ਹੀ ਘੰਟਿਆਂ ''ਚ 40,000 ਲੋਕਾਂ ਨੇ ਪਸੰਦ ਕੀਤਾ ਹੈ ਅਤੇ ਉਸ ਨੂੰ ਦੱਸਿਆ ਹੈ ਕਿ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ।