ਆਸਟ੍ਰੇਲੀਆਈ ਪੁਲਸ ਨੇ ਦੋ ਹਥਿਆਰਬੰਦ ਵਿਅਕਤੀਆਂ ਨੂੰ ਗੋਲੀ ਮਾਰੀ

06/13/2019 12:29:43 PM

ਸਿਡਨੀ— ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਅੱਤਵਾਦੀ ਰੋਕੂ ਜਾਂਚ ਦੌਰਾਨ ਪੁਲਸ ਅਧਿਕਾਰੀਆਂ ਨੇ ਦੋ ਹਥਿਆਰਬੰਦ ਵਿਅਕਤੀਆਂ ਨੂੰ ਬੁੱਧਵਾਰ ਨੂੰ ਗੋਲੀ ਮਾਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਕਾਊਂਟਰ ਟੈਰੀਰਿਜ਼ਮ ਕਮਾਂਡ ਦੇ ਜਾਂਚ ਅਧਿਕਾਰੀਆਂ ਨੇ ਬਰਨਵਾਰਥਾ ਨਾਰਥ ਸ਼ਹਿਰ 'ਚ ਖੁਫੀਆ ਜਾਣਕਾਰੀ ਇਕੱਠੀ ਕਰਨ ਦੌਰਾਨ ਦੋ ਲੋਕਾਂ ਦਾ ਪਤਾ ਲਗਾਉਣ ਲਈ ਸਥਾਨਕ ਪੁਲਸ ਦੀ ਸਹਾਇਤਾ ਮੰਗੀ ਸੀ। ਵਿਕਟੋਰੀਆ ਦੇ ਕਾਰਜਵਾਹਕ ਸਹਾਇਕ ਕਮਿਸ਼ਨਰ ਕਲਾਈਵ ਰਸਟ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਨੂੰ ਸੰੰਬੋਧਿਤ ਕਰਦੇ ਹੋਏ ਕਿਹਾ ਕਿ ਸੀ. ਟੀ. ਸੀ. ਦੇ ਜਾਂਚ ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਨੂੰ ਰਿਚਰਡਸਨ ਬੈਂਡ ਕੈਂਪਿਸ ਗ੍ਰਾਊਂਡ ਦੇ ਨੇੜੇ ਬਰਨਵਾਰਥਾ ਰੋਡ 'ਤੇ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। 

ਰਸਟ ਨੇ ਦੱਸਿਆ,''ਇਸ ਦੇ ਬਾਅਦ ਦੋਹਾਂ ਨੇ ਪੁਲਸ ਵਾਹਨ ਨੂੰ ਟੱਕਰ ਮਾਰੀ ਅਤੇ ਫਿਰ ਆਪਣੇ ਵਾਹਨ ਤੋਂ ਉੱਤਰ ਕੇ ਪੁਲਸ ਨਾਲ ਲੜਨ ਲੱਗ ਗਏ। ਦੋਹਾਂ ਕੋਲ ਤੇਜ਼ਧਾਰ ਹਥਿਆਰ ਸਨ। ਇਨ੍ਹਾਂ 'ਚੋਂ ਇਕ ਵਿਅਕਤੀ ਨੇ ਅਧਿਕਾਰੀਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਬਾਅਦ ਉਸ ਨੂੰ ਗੋਲੀ ਮਾਰੀ ਗਈ। ਦੂਜਾ ਵਿਅਕਤੀ ਵੀ ਕਾਫੀ ਸਮੇਂ ਤਕ ਪੁਲਸ ਨਾਲ ਲੜਦਾ ਰਿਹਾ, ਜਿਸ ਕਾਰਨ ਬਾਅਦ 'ਚ ਉਸ ਨੂੰ ਵੀ ਗੋਲੀ ਮਾਰਨੀ ਪਈ।

ਘਟਨਾ ਦੇ ਬਾਅਦ ਦੋਹਾਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਵਿਕਟੋਰੀਆ ਪੁਲਸ ਨੇ ਦੱਸਿਆ ਕਿ ਦੋਹਾਂ ਦੀ ਉਮਰ 19 ਤੋਂ 30 ਸਾਲ ਦੇ ਵਿਚਕਾਰ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਭਰਾ ਹਨ ਅਤੇ ਉਨ੍ਹਾਂ ਦੇ ਸੰਗਠਿਤ ਅਪਰਾਧ ਗਿਰੋਹਾਂ ਨਾਲ ਸਬੰਧ ਹਨ।