ਆਸਟ੍ਰੇਲੀਆ ਦੀ ਸੰਸਦ ''ਚ ਸ਼ਰਣਾਰਥੀਆਂ ਦੀ ਮਦਦ ਲਈ ਉੱਠੀ ਮੰਗ

07/04/2019 1:30:47 PM

ਸਿਡਨੀ— ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਪੀਟਰ ਡੁੱਟਨ ਨੇ ਪਾਰਲੀਮੈਂਟ 'ਚ ਵੀਰਵਾਰ ਨੂੰ ਇਕ ਬਿੱਲ ਪੇਸ਼ ਕੀਤਾ। ਉਨ੍ਹਾਂ ਮੰਗ ਕੀਤੀ ਹੈ ਕਿ ਸ਼ਰਣਾਰਥੀ ਅਤੇ ਸ਼ਰਣ ਚਾਹੁਣ ਵਾਲਿਆਂ ਨੂੰ ਮੈਡੀਕਲ ਮਦਦ ਦੇ ਆਧਾਰ 'ਤੇ ਦੇਸ਼ 'ਚ ਟਰਾਂਸਫਰ ਕਰ ਦਿੱਤਾ ਜਾਵੇ, ਤਾਂ ਕਿ ਉਹ ਸਮੇਂ ਸਿਰ ਇਲਾਜ ਕਰਵਾ ਸਕਣ। ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ਪੁੱਜਣ ਲਈ ਬਹੁਤ ਸਾਰੇ ਦੇਸ਼ਾਂ ਦੇ ਲੋਕ ਇੱਥੇ ਆਉਂਦੇ ਹਨ ਤੇ ਮਾਨੁਸ ਟਾਪੂ ਅਤੇ ਨਾਉਰੂ 'ਚ ਫਸ ਜਾਂਦੇ ਹਨ। ਇੱਥੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੈਡੀਕਲ ਮਦਦ ਨਹੀਂ ਮਿਲਦੀ ਜਿਸ ਕਾਰਨ ਉਹ ਉੱਥੇ ਹੀ ਬਹੁਤ ਬਦਤਰ ਹਾਲਤ 'ਚ ਜ਼ਿੰਦਗੀ ਕੱਟਣ ਲਈ ਮਜਬੂਰ ਹੋ ਜਾਂਦੇ ਹਨ। ਇੱਥੇ ਹੀ ਇਕ ਪੰਜਾਬੀ ਨੌਜਵਾਨ ਨੇ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਆਪਣੇ ਸਰੀਰ 'ਚ ਹੋਣ ਵਾਲੀ ਦਰਦ ਕਾਰਨ ਕਾਫੀ ਪ੍ਰੇਸ਼ਾਨ ਸੀ ਪਰ ਉਸ ਨੂੰ ਚੰਗੀ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਸੀ। ਇਸ ਲਈ ਉਸ ਨੇ ਖੁਦ ਨੂੰ ਅੱਗ ਲਗਾ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਟਾਪੂਆਂ 'ਚ ਰਹਿ ਰਹੇ ਸ਼ਰਣਾਰਥੀ ਮਰੀਜ਼ਾਂ ਵਲੋਂ ਆਸਟ੍ਰੇਲੀਆ ਆਉਣ ਲਈ ਅਪੀਲਾਂ ਭੇਜੀਆਂ ਗਈਆਂ ਹਨ, ਜਿਨ੍ਹਾਂ 'ਚੋਂ ਪਿਛਲੇ ਮਹੀਨੇ ਕੁੱਝ ਨੂੰ ਮਨਜ਼ੂਰ ਕੀਤਾ ਗਿਆ ਹੈ ਤੇ ਕਈ ਹੋਰ ਅਜੇ ਪੈਂਡਿੰਗ ਹਨ। ਡੁੱਟਨ ਦੀ ਮੰਗ ਹੈ ਕਿ ਮੈਡੀਕਲ ਸਹਾਇਤਾ ਵਾਲੇ ਸ਼ਰਣਾਰਥੀਆਂ ਨੂੰ ਆਸਟ੍ਰੇਲੀਆ ਲਿਆ ਕੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਵੇ। ਸੰਸਦ 'ਚ ਸਰਕਾਰ ਕੋਲ ਬਿੱਲ ਪਾਸ ਕਰਵਾਉਣ ਲਈ ਬਹੁਮਤ ਹੈ ਪਰ ਫਿਰ ਉਨ੍ਹਾਂ ਨੂੰ ਸੈਨੇਟ ਦੀ ਮਨਜ਼ੂਰੀ ਦੀ ਵੀ ਜ਼ਰੂਰਤ ਪਵੇਗੀ।