ਆਸਟ੍ਰੇਲੀਆਈ ਇਮਾਮ ਤਾਹਿਦੀ ਆਉਣਾ ਚਾਹੁੰਦੇ ਹਨ ਭਾਰਤ

12/27/2017 2:11:12 PM

ਸਿਡਨੀ (ਬਿਊਰੋ)— ਕੱਟੜਪੰਥੀ ਇਸਲਾਮ ਵਿਰੁੱਧ ਮੁਹਿੰਮ ਚਲਾਉਣ ਵਾਲੇ ਆਸਟ੍ਰੇਲੀਆ ਦੇ ਪ੍ਰਸਿੱਧ ਇਮਾਮ ਮੁਹੰਮਦ ਤਾਹਿਦੀ ਭਾਰਤ ਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਟਵੀਟ ਕੀਤਾ,''ਕੀ ਭਾਰਤ ਵਿਚ ਲੋਕ ਮੈਨੂੰ ਜਾਣਦੇ ਹਨ। ਜੇ ਮੇਰਾ ਇਹ ਟਵੀਟ ਜਨਵਰੀ ਤੋਂ ਪਹਿਲਾਂ 10 ਹਜ਼ਾਰ ਵਾਰੀ ਰੀਟਵੀਟ ਹੋ ਗਿਆ ਤਾਂ ਮੈਂ ਸਾਲ 2018 ਵਿਚ ਭਾਰਤ ਆਵਾਂਗਾ।''

ਇਸ ਮਗਰੋਂ ਉਨ੍ਹਾਂ ਨੇ ਦੂਜਾ ਟਵੀਟ ਕੀਤਾ। ਇਸ ਟਵੀਟ ਵਿਚ ਉਨ੍ਹਾਂ ਨੇ ਲਿਖਿਆ,''ਜੇ ਮੈਂ ਭਾਰਤ ਆਇਆ ਤਾਂ ਇੱਥੋਂ ਦੇ ਕੱਟੜਵਾਦੀ ਮੌਲਵੀਆਂ ਨੂੰ ਐਮਰਜੈਂਸੀ ਛੁੱਟੀ 'ਤੇ ਮੱਕਾ ਜਾਣਾ ਪਵੇਗਾ।''


ਆਸਟ੍ਰੇਲੀਆ ਵਿਚ ਇਮਾਮ ਤਾਹਿਦੀ ਸੰਸਥਾ ਦੇ ਮੁਖੀ ਤਾਹਿਦੀ ਪੂਰੀ ਦੁਨੀਆ ਵਿਚ ਇਸਲਾਮ 'ਤੇ ਉਪਦੇਸ਼ ਦੇਣ ਜਾਂਦੇ ਰਹਿੰਦੇ ਹਨ। ਉਹ ਆਪਣੇ ਬਿਆਨਾਂ ਕਾਰਨ ਜ਼ਿਆਦਾਤਰ ਮੁਸਲਿਮ ਇਮਾਮਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਅਜਿਹਾ ਇਸ ਲਈ ਕਿਉਂਕਿ ਦੁਨੀਆ ਵਿਚ ਜਦੋਂ ਵੀ ਕਿਤੇ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਉਹ ਸਾਰੇ ਇਮਾਮਾਂ ਨੂੰ ਇਸ ਲਈ ਕੋਸਦੇ ਹਨ। ਬੈਲਜ਼ੀਅਮ ਵਿਚ ਹੋਏ ਧਮਾਕੇ ਦੇ ਬਾਅਦ ਉਨ੍ਹਾਂ ਨੇ ਇਮਾਮਾਂ ਨੂੰ ਜਿਹਾਦ 'ਤੇ ਉਪਦੇਸ਼ ਦੇਣੇ ਬੰਦ ਕਰਨ ਦੀ ਅਪੀਲ ਕੀਤੀ ਸੀ। ਨਾਲ ਹੀ ਮੁਸਲਿਮ ਕੱਟੜਪੰਥੀ ਸੰਗਠਨਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦੀ ਨਿੰਦਾ ਕਰਨ ਲਈ ਕਿਹਾ ਸੀ। 
ਤਾਹਿਦੀ ਮੁਸਲਿਮ ਔਰਤਾਂ ਵੱਲੋਂ ਪਾਏ ਜਾਣ ਵਾਲੇ ਹਿਜ਼ਾਬ ਦੀ ਵੀ ਆਲੋਚਨਾ ਕਰ ਚੁੱਕੇ ਹਨ। ਉਨ੍ਹਾਂ ਦੇ ਇਸ ਬਿਆਨ ਮਗਰੋਂ ਬੀਤੇ ਮਹੀਨੇ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਉਨ੍ਹਾਂ 'ਤੇ ਹਮਲਾ ਹੋਇਆ ਸੀ। ਦੋ ਮੁਸਮਿਲ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਦਾ ਦਰਵਾਜਾ ਖੋਲ ਕੇ ਉਨ੍ਹਾਂ ਨੂੰ ਮੁੱਕੇ ਮਾਰੇ ਸੀ। ਇਸ ਦੇ ਬਾਅਦ ਤਾਹਿਦੀ ਨੇ ਬਿਆਨ ਦਿੱਤਾ ਕਿ ਆਸਟ੍ਰੇਲੀਆ ਧਾਰਮਿਕ ਕੱਟੜਪੰਥੀਆਂ ਦਾ ਸਵਰਗ ਬਣਦਾ ਜਾ ਰਿਹਾ ਹੈ। ਤਾਹਿਦੀ ਗਲੋਬਲ ਮੰਚਾਂ 'ਤੇ ਸ਼ਰੀਆ ਕਾਨੂੰਨ ਅਪਨਾਉਣ ਵਾਲੇ ਮੁਸਲਿਮ ਦੇਸ਼ਾਂ ਦੀ ਆਲੋਚਨਾ ਕਰਦੇ ਹਨ। ਉਨ੍ਹਾਂ ਨੇ ਖਾਸ ਤੌਰ 'ਤੇ ਇੰਡੋਨੇਸ਼ੀਆ ਵਿਚ ਪਿਆਰ ਕਰਨ ਵਾਲੇ ਗੈਰ ਵਿਆਹੁਤਾ ਜੋੜਿਆਂ ਨੂੰ ਖੁੱਲੇਆਮ ਕੌੜੇ ਮਾਰਨ ਦੀ ਪਰੰਪਰਾ ਦਾ ਵਿਰੋਧ ਕੀਤਾ।