ਫਾਇਰ ਫਾਈਟਰਜ਼ ਨੇ ਦਿੱਤੀ ਰਾਹਤ ਦੀ ਖਬਰ, ਕਾਫੀ ਹੱਦ ਤਕ ਕਾਬੂ ਹੋਈ ਜੰਗਲੀ ਅੱਗ

01/13/2020 3:02:42 PM

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੂੰ ਕੰਟਰੋਲ ਕਰਨ 'ਚ ਜੁਟੇ ਫਾਇਰ ਫਾਈਟਰਜ਼ ਨੇ ਦੱਸਿਆ ਕਿ ਸੋਮਵਾਰ ਨੂੰ ਅੱਗ 'ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ। ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜੰਗਲ ਦੀ ਅੱਗ ਕਾਰਨ ਬਰਬਾਦ ਹੋਏ ਪੇਂਡੂ ਇਲਾਕਿਆਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ।

ਫਾਇਰ ਫਾਈਟਰਜ਼ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸੂਬੇ ਦੇ ਜੰਗਲਾਂ 'ਚ ਲੱਗੀ ਅੱਗ 'ਤੇ ਕਾਫੀ ਹੱਦ ਤਕ ਕਾਬੂ ਪਾਇਆ ਗਿਆ ਹੈ। ਇੱਥੇ ਪਿਛਲੇ 3-4 ਮਹੀਨਿਆਂ ਤੋਂ ਅੱਗ ਲੱਗੀ ਹੈ। ਨਿਊ ਸਾਊਥ ਵੇਲਜ਼ ਰੂਰਲ ਫਾਇਰ ਫਾਈਟਰ ਸੇਵਾ ਦੇ ਕਮਿਸ਼ਨਰ ਸ਼ੇਨ ਫਿਟਡਸਿਮੋਂਸ ਨੇ ਸੋਮਵਾਰ ਨੂੰ ਇਸ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਹਿੱਸੇ ਅਜੇ ਵੀ ਸੜ ਰਹੇ ਹਨ ਪਰ ਅੱਗ ਬੁਝਾਉਣ ਦੀ ਕੋਸ਼ਿਸ਼ ਸਾਰਥਕ ਹੁੰਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਜੰਗਲੀ ਅੱਗ ਕਾਰਨ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 2000 ਘਰ ਸੜ ਕੇ ਸਵਾਹ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਕ ਅਰਬ ਦੇ ਕਰੀਬ ਜਾਨਵਰ ਵੀ ਝੁਲਸ ਕੇ ਮਰ ਚੁੱਕੇ ਹਨ। ਦੇਸ਼-ਵਿਦੇਸ਼ਾਂ 'ਚ ਸਥਿਤੀ ਠੀਕ ਹੋਣ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।