ਟਰਨਬੁੱਲ ਨੇ ਦਿੱਤੀ ਚਿਤਾਵਨੀ, ਉੱਤਰੀ ਕੋਰੀਆ ਦੀਆਂ ''ਗਿੱਦੜ ਧਮਕੀਆਂ'' ਨੂੰ ਬਰਦਾਸ਼ਤ ਨਹੀਂ ਕਰੇਗਾ ਆਸਟਰੇਲੀਆ

05/01/2017 12:21:32 PM

ਬ੍ਰਿਸਬੇਨ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਦੂਜੇ ਵਿਸ਼ਵ ਯੁੱਧ ਦੀ ਸਮੁੰਦਰੀ ਲੜਾਈ ਦੀ ਯਾਦਗਾਰ ਮੌਕੇ ''ਤੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਦੇਸ਼ ਅਤੇ ਅਮਰੀਕਾ ਖੇਤਰੀ ਸ਼ਾਂਤੀ ਲਈ ਉੱਤਰੀ ਕੋਰੀਆ ਦੀਆਂ ''ਗਿੱਦੜ ਧਮਕੀਆਂ'' ਨੂੰ ਬਰਦਾਸ਼ਤ ਨਹੀਂ ਕਰਨਗੇ। ਆਸਟਰੇਲੀਆ ਦੇ ਉੱਤਰੀ-ਪੂਰਬੀ ਸ਼ਹਿਰ ਟਾਊਨਜ਼ਵਿਲੇ ''ਚ 4 ਤੋਂ 8 ਮਈ, 1942 ਤੱਕ ਚੱਲੀ ਕੋਰਲ ਸਾਗਰ ਦੀ ਫੈਸਲਾਕੁੰਨ ਲੜਾਈ ਦੀ ਯਾਦ ''ਚ ਸੋਮਵਾਰ ਨੂੰ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ''ਚ ਪ੍ਰਧਾਨ ਮੰਤਰੀ ਟਰਨਬੁੱਲ ਨੇ ਉੱਤਰੀ ਕੋਰੀਆ ਨੂੰ ਇਹ ਚਿਤਾਵਨੀ ਦਿੱਤੀ। ਇਸ ਪ੍ਰੋਗਰਾਮ ''ਚ ਆਸਟਰੇਲੀਆਈ ਅਤੇ ਅਮਰੀਕੀ ਸ਼ਹਿਰੀ ਵੱਡੀ ਗਿਣਤੀ ''ਚ ਇਕੱਠੇ ਹੋਏ ਸਨ। ਇਸ ਲੜਾਈ ''ਚ ਆਸਟਰੇਲੀਆਈ ਜਹਾਜ਼ਾਂ ਦੀ ਮਦਦ ਨਾਲ ਅਮਰੀਕੀ ਸਮੁੰਦਰੀ ਬੇੜਿਆਂ ਨੇ ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ''ਚ ਜਾਪਾਨੀ ਜਲ ਸੈਨਾ ਦੀ ਘੁਸਪੈਠ ਨੂੰ ਰੋਕ ਦਿੱਤਾ ਸੀ। ਇਸ ਦੇ ਨਾਲ ਹੀ ਲੜਾਈ ਸ਼ੁਰੂ ਹੋਣ ਦੀ 75ਵੀਂ ਵਰ੍ਹੇਗੰਢ ਮੌਕੇ ਦੂਜੇ ਵਿਸ਼ਵ ਯੁੱਧ ਦੇ ਜਹਾਜ਼ੀ ਬੇੜੇ ਯੂ. ਐੱਸ. ਐੱਸ. ਇੰਟਰਪਿਡ ''ਚ ਸਵਾਰ ਹੋ ਕੇ ਪ੍ਰਧਾਨ ਮੰਤਰੀ ਟਰਨਬੁੱਲ ਵੀਰਵਾਰ ਨੂੰ ਨਿਊਯਾਰਕ ''ਚ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ।