ਆਸਟ੍ਰੇਲੀਆ : ਗੁਰਦੁਆਰਾ ਗਲੇਨਵੁੱਡ ਵਿਖੇ ਦੀਪ ਸਿੱਧੂ ਨੂੰ ਦਿੱਤੀ ਗਈ ਸ਼ਰਧਾਂਜਲੀ (ਤਸਵੀਰਾਂ)

02/20/2022 10:24:15 AM

ਸਿਡਨੀ (ਸਨੀ ਚਾਂਦਪੁਰੀ):- ਦੀਪ ਸਿੱਧੂ ਨੂੰ ਆਸਟ੍ਰੇਲੀਆ ਵਿੱਚ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ। ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਆਈ।ਲੋਕਾਂ ਨੇ ਦੀਪ ਸਿੱਧੂ ਦੀ ਫੋਟੋ ਅਤੇ ਦੀਪ ਸਿੱਧੂ ਜ਼ਿੰਦਾਬਾਦ ਦੇ ਬੈਨਰ ਫੜੇ ਹੋਏ ਸਨ। ਇਸ ਮੌਕੇ ਅਮਰ ਸਿੰਘ ਨੇ ਪੱਤਰਕਾਰਾਂ ਅਤੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਯੋਧੇ ਦੀਪ ਸਿੱਧੂ ਦਾ ਇਸ ਤਰਾਂ ਬੇਵਕਤ ਚੱਲੇ ਜਾਣ ਦਾ ਦੁੱਖ ਸਮੁੱਚੇ ਸਿੱਖ ਜਗਤ ਨੂੰ ਹੈ ਅਤੇ ਉਸ ਦੇ ਜਾਣ ਨਾਲ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। 

ਉਹਨਾਂ ਕਿਹਾ ਕਿ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਪੂਰੀ ਸਿੱਖ ਕੌਮ ਵੱਲੋਂ ਅਗਲੇ ਸਾਲ ਤੋਂ ਆਸਟ੍ਰੇਲੀਆ ਵਿੱਚ 15 ਫ਼ਰਵਰੀ ਨੂੰ ਦੀਪ ਸਿੱਧੂ ਦਿਵਸ ਮਨਾਇਆ ਜਾਵੇਗਾ।ਸੰਗਤ ਨੂੰ ਸੰਬੋਧਨ ਕਰਦਿਆਂ ਲੱਖੇ ਥਾਂਦੀ ਨੇ ਕਿਹਾ ਕੇ ਇਸ ਅਜੋਕੇ ਸਮੇਂ ਵਿੱਚ ਕੌਮ ਨੂੰ ਦੀਪ ਸਿੱਧੂ ਜਿਹੇ ਯੋਧੇ ਦੀ ਲੋੜ ਹੈ। ਉਸ ਦੇ ਵਿਚਾਰਾਂ ਨੂੰ ਜਿਉਂਦਾ ਰੱਖਣ ਦੀ ਲੋੜ ਹੈ। ਇਸ ਮੌਕੇ ਸਿੱਖ ਸੰਗਤ ਵੱਲੋ ਦੀਪ ਸਿੱਧੂ ਅਮਰ ਰਹੇ ਅਤੇ ਜ਼ਿੰਦਾਬਾਦ ਦੇ ਨਾਅਰੇ ਨਿਰੰਤਰ ਲੱਗਦੇ ਰਹੇ। 

ਪੜ੍ਹੋ ਇਹ ਅਹਿਮ ਖ਼ਬਰ- ਐੱਨ.ਸੀ.ਏ.ਆਈ.ਏ ਅਤੇ ਸਿੱਖਸ ਆਫ ਅਮੈਰਿਕਾ ਨੇ ਲਤਾ ਮੰਗੇਸ਼ਕਰ ਦੀ ਯਾਦ ’ਚ ਕਰਵਾਇਆ ‘ਵਰਚੂਅਲ ਈਵੈਂਟ’

ਬਲੈਕਟਾਊਨ ਕੌਂਸਲਰ ਮਨਿੰਦਰ ਸਿੰਘ ਨੇ ਭਾਈਚਾਰੇ ਦੇ ਲੋਕਾਂ ਸੰਬੋਧਨ ਕਰਦਿਆਂ ਕਿਹਾ ਕਿ ਦੀਪ ਸਿੱਧੂ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ ਕਰਦਾ ਹਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਬਾਕੀ ਬੁਲਾਰਿਆਂ ਨੇ ਵੀ ਦੀਪ ਸਿੱਧੂ ਦੀ ਮੌਤ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਸਮੁੱਚੀ ਸਿੱਖ ਸੰਗਤ ਵੱਲੋ ਦੀਪ ਸਿੱਧੂ ਲਈ ਅਰਦਾਸ ਕਰਨ ਉਪਰੰਤ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਅਮਰ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ, ਕੁਲਬਿੰਦਰ ਬਦੇਸ਼ਾ, ਦੇਵ ਸਿੱਧੂ, ਲੱਖਾ ਥਾਂਦੀ, ਕੌਂਸਲਰ ਮਨਿੰਦਰ ਸਿੰਘ, ਮਨੀ ਰੁੜਕੀ, ਰੌਬਿਨਜੀਤ ਖਹਿਰਾ ,ਅਰੁਨ ਬਾਂਠ, ਦੀਪੂ ਚੇਚੀ, ਸਾਹਿਲ ਅੰਮ੍ਰਿਤਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।
 

Vandana

This news is Content Editor Vandana