ਆਸਟ੍ਰੇਲੀਆ ਕਰੇਗਾ ਫੇਸਬੁੱਕ-ਗੂਗਲ ਤੋਂ ਮੀਡੀਆ ਨੂੰ ਹੋ ਰਹੇ ਨੁਕਸਾਨ ਦੀ ਜਾਂਚ

12/07/2017 1:10:09 PM

ਸਿਡਨੀ (ਏਜੰਸੀ)— ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਫੇਸਬੁੱਕ ਤੇ ਗੂਗਲ 'ਤੇ ਨਿਰਭਰ ਹਨ। ਫੇਸਬੁੱਕ ਇਕ ਅਜਿਹਾ ਜ਼ਰੀਆ ਬਣ ਗਿਆ, ਜਿੱਥੋਂ ਲੋਕ ਮੀਡੀਆ ਨਾਲ ਵੀ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਖਬਰਾਂ ਬਾਰੇ ਜਾਣਕਾਰੀ ਮਿਲਦੀ ਹੈ। ਇਸੇ ਲਈ ਆਸਟ੍ਰੇਲੀਆ ਸਰਕਾਰ ਥੋੜ੍ਹੀ ਸੁਚੇਤ ਹੋਈ ਹੈ ਅਤੇ ਇਸ ਗੱਲ ਦੀ ਜਾਂਚ ਕਰੇਗੀ ਕਿ ਫੇਸਬੁੱਕ ਅਤੇ ਗੂਗਲ ਵਰਗੇ ਆਨਲਾਈਨ ਪਲੇਟਫਾਰਮ ਤੋਂ ਉੱਥੋਂ ਦੀ ਮੀਡੀਆ ਇੰਡਸਟਰੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਹੈ। ਇਹ ਨੁਕਸਾਨ ਉਪਭੋਗਤਾ ਅਤੇ ਪ੍ਰਕਾਸ਼ਕ ਦੋਹਾਂ ਦੇ ਨਜ਼ਰੀਏ ਤੋਂ ਹੈ। ਆਸਟ੍ਰੇਲੀਆ ਦੀ ਜਨਸੰਖਿਆ ਦਾ 60 ਫੀਸਦੀ ਹਿੱਸਾ ਫੇਸਬੁੱਕ ਦੀ ਵਰਤੋਂ ਕਰਦਾ ਹੈ, ਜਦਕਿ 95 ਫੀਸਦੀ ਲੋਕਾਂ ਵਲੋਂ ਸਰਚ ਇੰਜਣ ਗੂਗਲ 'ਤੇ ਖੋਜ ਕੀਤੀ ਜਾਂਦੀ ਹੈ। ਆਸਟ੍ਰੇਲੀਆ ਫੇਸਬੁੱਕ, ਗੂਗਲ 'ਤੇ ਇਸ਼ਤਿਹਾਰ ਅਤੇ ਜਾਅਲੀ ਖਬਰਾਂ ਦੇ ਪ੍ਰਸਾਰਣ ਸਮੇਤ ਅਹਿਮ ਡਿਜ਼ੀਟਲ ਪਲੇਟਫਾਰਮਾਂ ਦੇ ਪ੍ਰਭਾਵ ਦੀ ਜਾਂਚ ਕਰੇਗਾ। 
ਆਸਟ੍ਰੇਲੀਆ ਦੀ ਸਰਕਾਰ ਨੇ ਜਾਂਚ ਦੀ ਜ਼ਿੰਮੇਵਾਰੀ ਆਸਟ੍ਰੇਲੀਅਨ ਮੁਕਾਬਲੇ ਅਤੇ ਉਪਭੋਗਤਾ ਕਮਿਸ਼ਨ (ਏ. ਸੀ. ਸੀ. ਸੀ.) ਨੂੰ ਸੌਂਪੀ ਹੈ। ਇਕ ਹਫਤੇ ਪਹਿਲਾਂ ਹੀ ਆਸਟ੍ਰੇਲੀਆ 'ਚ ਇਕ ਨਿਊਜ਼ ਵੈੱਬਸਾਈਟ 'ਚ ਕੰਮ ਕਰਨ ਵਾਲੇ ਕਈ ਪੱਤਰਕਾਰਾਂ ਨੂੰ ਕੱਢਿਆ ਗਿਆ ਸੀ। ਮਾਹਰਾਂ ਦਾ ਮੰਨਣਾ ਹੈ ਕਿ ਦੂਜੇ ਦੇਸ਼ਾਂ ਵਾਂਗ ਆਸਟ੍ਰੇਲੀਆ 'ਚ ਵੀ ਡਿਜ਼ੀਟਲ ਪਲੇਟਫਾਰਮ ਦੇ ਆਉਣ ਤੋਂ ਮੀਡੀਆ ਇੰਡਸਟਰੀ ਨੂੰ ਨੁਕਸਾਨ ਹੋਇਆ ਹੈ। ਕੰਪਨੀਆਂ ਆਪਣੇ ਇਸ਼ਤਿਹਾਰ ਡਿਜ਼ੀਟਲ ਪਲੇਟਫਾਰਮ 'ਤੇ ਸ਼ਿਫਟ ਕਰ ਰਹੀ ਹੈ। ਇਸ ਦਾ ਜ਼ਿਆਦਾ ਹਿੱਸਾ ਗੂਗਲ ਅਤੇ ਫੇਸਬੁੱਕ ਨੂੰ ਜਾ ਰਿਹਾ ਹੈ। ਉਮੀਦ ਹੈ ਕਿ ਇਸ ਸਾਲ ਦੁਨੀਆ ਭਰ ਦੇ ਡਿਜ਼ੀਟਲ ਐਡਵਰਟਾਈਜ਼ਿੰਗ ਰੇਵੇਨਿਊ 'ਚ ਅੱਧੀ ਹਿੱਸੇਦਾਰੀ ਗੂਗਲ ਅਤੇ ਫੇਸਬੁੱਕ ਦੀ ਹੋਵੇਗੀ। ਅਮਰੀਕਾ ਪਹਿਲਾਂ ਹੀ ਫੇਸਬੁੱਕ, ਗੂਗਲ ਅਤੇ ਟਵਿੱਟਰ 'ਤੇ ਜਾਅਲੀ ਖਬਰਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦੀ ਜਾਂਚ ਹੋ ਰਹੀ ਹੈ।