ਆਸਟ੍ਰੇਲੀਆ ''ਚ 7 ਅਕਤੂਬਰ ਤੋਂ ਬਦਲੇਗਾ ਸਮਾਂ

09/26/2018 1:49:58 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— 'ਡੇਅ ਲਾਈਟ ਸੇਵਿੰਗ' ਨਿਯਮ ਅਧੀਨ ਐਤਵਾਰ 7 ਅਕਤੂਬਰ ਤੋਂ ਆਸਟ੍ਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਅੱਗੇ ਹੋ ਜਾਣਗੀਆਂ। ਡੇਅ ਲਾਈਟ ਸੇਵਿੰਗ ਅਧੀਨ ਇਹ ਤਬਦੀਲੀ ਸਾਲ ਵਿਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। ਐਤਵਾਰ 7 ਅਕਤੂਬਰ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ 2 ਵਜੇ ਤੋਂ ਇਕ ਘੰਟਾ ਅੱਗੇ ਹੋ ਜਾਣਗੀਆਂ ਅਤੇ ਸਰਦ ਰੁੱਤ ਦੀ ਸ਼ੁਰੂਆਤ 'ਤੇ ਮੁੜ 7 ਅਪ੍ਰੈਲ 2019 ਨੂੰ ਇਕ ਘੰਟਾ ਪਿੱਛੇ ਹੋ ਜਾਣਗੀਆ।

ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿਚ ਲਾਹੇਵੰਦ ਸਿੱਧ ਹੁੰਦਾ ਹੈ। ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਪੰਜ ਘੰਟੇ ਦਾ ਫਰਕ ਹੋਵੇਗਾ। ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿਚ ਹੀ ਲਾਗੂ ਹੋਵੇਗੀ, ਜਦਕਿ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿਚ ਇਸ ਸਮੇਂ ਗਰਮ ਰੁੱਤ ਦਾ ਆਗਾਜ਼ ਹੋ ਰਿਹਾ ਹੈ।