ਚੀਨ ''ਚ ਫੈਲੇ ਵਾਇਰਸ ਕਾਰਨ ਆਸਟ੍ਰੇਲੀਆ ਤੇ ਕੈਨੇਡਾ ''ਚ ਅਲਰਟ

01/21/2020 2:29:20 PM

ਸਿਡਨੀ— ਕੈਨੇਡਾ ਅਤੇ ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਨਵੇਂ ਤਰ੍ਹਾਂ ਦੇ ਖਤਰਨਾਕ ਕੋਰੋਨਾਵਾਇਰਸ ਦੇ ਵਧਦੇ ਪ੍ਰਕੋਪ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਦੋਹਾਂ ਦੇਸ਼ਾਂ ਨੇ ਆਪਣੇ ਹਵਾਈ ਅੱਡਿਆਂ 'ਤੇ ਸਕ੍ਰੀਨਿੰਗ ਪ੍ਰਕਿਰਿਆ ਅਪਨਾਉਣ ਦਾ ਫੈਸਲਾ ਕੀਤਾ ਹੈ। ਸ਼ੱਕ ਹੈ ਕਿ ਆਸਟ੍ਰੇਲੀਆ 'ਚ ਇਕ ਵਿਅਕਤੀ ਇਸ ਬੀਮਾਰੀ ਦੀ ਚਪੇਟ 'ਚ ਆ ਗਿਆ ਹੈ, ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਹਾਲ ਹੀ 'ਚ ਚੀਨੀ ਸ਼ਹਿਰ ਵੂਹਾਨ ਤੋਂ ਵਾਪਸ ਆਇਆ ਹੈ, ਜਿੱਥੇ ਇਹ ਵਾਇਰਸ ਫੈਲਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਉਹ ਬ੍ਰਿਸਬੇਨ ਪੁੱਜਾ ਤਾਂ ਉਸ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ ਤੇ ਉਸ ਦੇ ਟੈੱਸਟ ਕਰਵਾਏ ਗਏ ਹਨ।
ਸਾਰਸ ਵਰਗੇ ਇਸ ਵਾਇਰਸ ਕਾਰਨ ਹੁਣ ਤਕ 218 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ 2002-03 'ਚ ਇਸ ਵਾਇਰਸ ਨੇ 650 ਲੋਕਾਂ ਦੀ ਜਾਨ ਲੈ ਲਈ ਸੀ।

ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਕਿਹਾ,'ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਲਰਟ ਰਹਿਣ ਦੀ ਜ਼ਰੂਰਤ ਹੈ, ਉਂਝ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਦਹਿਸ਼ਤ ਵਾਲੀ ਗੱਲਹੈ। ਉਨ੍ਹਾਂ ਕਿਹਾ ਕਿ ਵੂਹਾਨ ਤੋਂ ਕੈਨੇਡਾ ਤਕ ਦੀ ਸਿੱਧੀ ਕੋਈ ਫਲਾਈਟ ਨਹੀਂ ਹੈ, ਇਸ ਦੇ ਬਾਵਜੂਦ ਚੀਨੀਯਾਤਰੀਆਂ ਨੂੰ ਇੱਥੇ ਆਉਣ ਸਬੰਧੀ ਸੀਮਾ ਅਧਿਕਾਰੀਆਂ ਨੂੰ ਜਾਣੂ ਕਰਵਾਉਣਾ ਪਵੇਗਾ।