ਆਸਟ੍ਰੇਲੀਆ ''ਚ ਸਿੱਖ ਨੌਜਵਾਨ ''ਤੇ ਗੋਰੇ ਨੇ ਕੀਤੀ ਨਸਲੀ ਟਿੱਪਣੀ

10/23/2018 3:04:43 PM

ਸਿਡਨੀ(ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਪੋਰਟ ਅਗੋਸਤਾ 'ਚ ਕੌਂਸਲਰ ਦੀ ਚੋਣ ਲੜ ਰਹੇ ਪੰਜਾਬੀ ਨੌਜਵਾਨ ਸਨੀ ਸਿੰਘ 'ਤੇ ਨਸਲੀ ਟਿੱਪਣੀ ਕੀਤੀ ਗਈ ਹੈ। ਫੇਸਬੁੱਕ 'ਤੇ ਉਨ੍ਹਾਂ ਨੂੰ ਇਕ ਅਜਿਹੀ ਵੀਡੀਓ ਦੇਖਣ ਨੂੰ ਮਿਲੀ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਨਾਲ-ਨਾਲ ਭਾਰਤੀ ਭਾਈਚਾਰੇ 'ਚ ਗੁੱਸਾ ਹੈ। ਗ੍ਰਾਂਟ ਮੋਰੋਨੇ ਨਾਂ ਦੇ ਗੋਰੇ ਨੇ ਉਨ੍ਹਾਂ ਦਾ ਵੱਡਾ ਪੋਸਟਰ ਟਾਇਰਾਂ ਹੇਠ ਦਰੜਦਿਆਂ ਅਤੇ ਨਸਲੀ ਟਿੱਪਣੀ ਕਰਦਿਆਂ ਹੋਇਆਂ ਇਸ ਦੀ ਵੀਡੀਓ ਬਣਾਈ ਅਤੇ ਇਸ ਨੂੰ ਸਾਂਝਾ ਕੀਤਾ।

ਸਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਿੱਖ ਹਨ ਅਤੇ ਇਸੇ ਕਾਰਨ ਉਨ੍ਹਾਂ 'ਤੇ ਨਸਲੀ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੋਸਟਰ ਕਿਸੇ ਖੰਭੇ ਤੋਂ ਉਤਾਰ ਕੇ ਇਸ ਤਰ੍ਹਾਂ ਵਰਤਿਆ ਗਿਆ। ਗੋਰੇ ਦੀ ਇਸ ਘਟੀਆ ਹਰਕਤ ਦਾ ਭਾਰਤੀ ਭਾਈਚਾਰੇ ਨੇ ਸਖਤ ਸ਼ਬਦਾਂ 'ਚ ਵਿਰੋਧ ਕੀਤਾ ਹੈ।


ਸੰਨੀ ਸਿੰਘ ਨੇ ਕਿਹਾ ਕਿ ਉਹ ਵਿਅਕਤੀ ਉਨ੍ਹਾਂ ਨੂੰ ਜਾਣਦਾ ਨਹੀਂ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਸ ਨੇ ਅਜਿਹੀ ਹਰਕਤ ਕਿਉਂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਦੇ ਸ਼ਹਿਰ ਤੋਂ 40 ਕੁ ਕਿਲੋਮੀਟਰ ਦੂਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਲੋਕਲ ਭਾਈਚਾਰੇ ਅਤੇ ਇੱਥੇ ਰਹਿ ਰਹੇ ਸਾਰੇ ਭਾਰਤੀ ਭਾਈਚਾਰੇ ਨੇ ਉਨ੍ਹਾਂ ਦੇ ਹੱਕ 'ਚ ਗੱਲ ਕੀਤੀ ਹੈ। ਬਹੁਤ ਸਾਰੇ ਲੋਕਾਂ ਨੇ ਕੁਮੈਂਟ ਕਰਕੇ ਉਸ ਵਿਅਕਤੀ ਨੂੰ ਫਟਕਾਰ ਲਗਾਈ ਹੈ ਅਤੇ ਦੱਸਿਆ ਕਿ ਸੰਨੀ ਸਿੰਘ ਇਕ ਈਮਾਨਦਾਰ ਅਤੇ ਨੇਕ ਇਨਸਾਨ ਹੈ। ਸੰਨੀ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਵਿਅਕਤੀ ਉਨ੍ਹਾਂ ਨੂੰ ਮੁਸਲਮਾਨ ਸਮਝ ਰਿਹਾ ਹੋਵੇ ਪਰ ਉਨ੍ਹਾਂ ਨੂੰ ਅਜੇ ਤਕ ਕੁੱਝ ਸਮਝ ਨਹੀਂ ਆ ਰਿਹਾ।