ਆਸਟ੍ਰੇਲੀਆ ''ਚ ਭਾਰਤੀ ਨੌਜਵਾਨ ਨੂੰ ਮਿਲੀ 5 ਸਾਲ ਦੀ ਸਜ਼ਾ

12/18/2019 2:21:01 PM

ਮੈਲਬੌਰਨ— ਆਸਟ੍ਰੇਲੀਆ 'ਚ ਇਕ ਭਾਰਤੀ ਨੌਜਵਾਨ ਨੂੰ ਇੱਥੋਂ ਦੀ ਅਦਾਲਤ ਨੇ 5 ਸਾਲ ਤੇ 3 ਮਹੀਨਿਆਂ ਦੀ ਸਜ਼ਾ ਸੁਣਾਈ ਹੈ। 2016 'ਚ ਭਾਰਤੀ ਮੂਲ ਦਾ 30 ਸਾਲਾ ਅੰਕੁਰ ਜੋ ਕਿ ਕਾਰ ਮਕੈਨਿਕ ਹੈ, ਦੀ ਗੱਡੀ ਇਕ ਹੋਰ ਵਾਹਨ ਨਾਲ ਟਕਰਾ ਗਈ ਸੀ, ਜਿਸ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ।

ਬੀਤੇ ਦਿਨ ਵਿਕਟੋਰੀਆ ਕੰਟਰੀ ਕੋਰਟ ਨੇ ਦੱਸਿਆ ਕਿ ਅੰਕੁਰ ਨੇ ਖਰਾਬ ਮੌਸਮ 'ਚ ਗਲਤ ਤਰੀਕੇ ਨਾਲ ਗੱਡੀ ਚਲਾਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ 'ਚ 85 ਸਾਲਾ ਬਜ਼ੁਰਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦੀ 13 ਦਿਨਾਂ ਬਾਅਦ ਹਸਪਤਾਲ 'ਚ ਮੌਤ ਹੋ ਗਈ। ਜੇਕਰ ਅੰਕੁਰ ਸਾਵਧਾਨੀ ਵਰਤਦਾ ਤਾਂ ਅਜਿਹਾ ਨਾ ਹੁੰਦਾ। ਹਾਦਸੇ ਮਗਰੋਂ 2017 'ਚ ਅੰਕੁਰ ਨੇ ਭਾਰਤ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਪੁਲਸ ਨੇ ਉਸ ਨੂੰ ਹਵਾਈ ਅੱਡੇ ਤੋਂ ਹਿਰਾਸਤ 'ਚ ਲੈ ਲਿਆ। ਜ਼ਿਕਰਯੋਗ ਹੈ ਕਿ 1 ਅਗਸਤ 2016 ਨੂੰ ਅੰਕੁਰ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਜਾ ਰਿਹਾ ਸੀ। ਇਸ ਲਈ ਉਹ ਬਹੁਤ ਤੇਜ਼ੀ ਨਾਲ ਗੱਡੀ ਚਲਾ ਰਿਹਾ ਸੀ। ਤੇਜ਼ ਮੀਂਹ ਕਾਰਨ ਸੜਕਾਂ 'ਤੇ ਤਿਲਕਣ ਕਾਫੀ ਜ਼ਿਆਦਾ ਸੀ ਤੇ ਇਹ ਹਾਦਸਾ ਵਾਪਰ ਗਿਆ। ਕਿਹਾ ਜਾ ਰਿਹਾ ਹੈ ਕਿ ਅੰਕੁਰ ਨੂੰ ਸਜ਼ਾ ਭੁਗਤਣ ਮਗਰੋਂ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਉਹ 49 ਦਿਨ ਜੇਲ 'ਚ ਬਤੀਤ ਕਰ ਚੁੱਕਾ ਹੈ।