ਆਸਟ੍ਰੇਲੀਆ ''ਚ ਹੋਇਆ ਸਮਲਿੰਗੀ ਵਿਆਹਾਂ ਦਾ ਆਯੋਜਨ, ਜੋੜਿਆਂ ''ਚ ਉਤਸ਼ਾਹ

01/09/2018 7:03:14 PM

ਸਿਡਨੀ— ਸਮਲਿੰਗੀ ਭਾਈਚਾਰੇ ਦੇ ਅਧਿਕਾਰਾਂ ਨੂੰ ਲੈ ਕੇ ਦੇਸ਼ 'ਚ ਵਿਵਾਦਪੂਰਨ ਬਿਆਨਾਂ ਦਾ ਸਿਲਸਿਲਾ ਜਾਰੀ ਹੈ ਪਰ ਆਸਟ੍ਰੇਲੀਆ 'ਚ ਮੰਗਲਵਾਰ ਨੂੰ ਸਮਲਿੰਗੀ ਵਿਆਹਾਂ ਦਾ ਆਯੋਜਨ ਹੋਇਆ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਦੀ ਸੰਸਦ ਨੇ ਬੀਤੇ ਸਾਲ 7 ਦਸੰਬਰ ਨੂੰ ਇਕ ਡਾਕ ਸਰਵੇਖਣ ਤੋਂ ਬਾਅਦ ਬਹੁਮਤ ਨਾਲ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਸਮਲਿੰਗੀ ਜੋੜਿਆਂ ਨੂੰ ਵਿਆਹ ਲਈ ਇਕ ਮਹੀਨੇ ਦੀ ਉਡੀਕ ਕਰਨੀ ਪਈ। ਆਸਟ੍ਰੇਲੀਆਈ ਕਾਨੂੰਨ ਤਹਿਤ ਵਿਆਹ ਦੀ ਯੋਜਨਾ ਬਾਰੇ 30 ਦਿਨ ਪਹਿਲਾਂ ਸੂਚਿਤ ਕਰਨਾ ਹੁੰਦਾ ਹੈ। 7 ਦਸੰਬਰ ਨੂੰ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕੁਝ ਜੋੜਿਆਂ ਨੇ ਮੰਗਲਵਾਰ ਨੂੰ ਵਿਆਹ ਕਰ ਲਿਆ। ਇਹ ਜੋੜੇ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦੇ ਸਨ। ਵਿਆਹ ਤੋਂ ਬਾਅਦ ਕਈ ਜੋੜੇ ਸਰਟੀਫਿਕੇਟ ਦਿਖਾਉਂਦੇ ਹੋਏ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਸਾਡੇ ਕੋਲ ਅਸਲ ਸਰਟੀਫਿਕੇਟ ਹੈ। ਸਾਨੂੰ ਇਹ ਬਹੁਤ ਹੀ ਹੈਰਾਨੀਜਨਕ ਲੱਗ ਰਿਹਾ ਹੈ।
ਆਸਟ੍ਰੇਲੀਆਈ ਕਾਮਨਵੈਲਥ ਖੇਡਾਂ ਦੇ ਕਰੈਗ ਬਰਨਸ ਅਤੇ ਉਨ੍ਹਾਂ ਦੇ ਸਾਥੀ ਲਿਊਕ ਸੁਲੀਵਿਅਨ ਵੀ ਵਿਆਹ ਕਰਨ ਵਾਲੇ ਜੋੜਿਆਂ ਵਿਚ ਸ਼ਾਮਲ ਸਨ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਹੋਏ ਉਨ੍ਹਾਂ ਦੇ ਵਿਆਹ ਵਿਚ ਪਰਿਵਾਰ ਅਤੇ ਦੋਸਤਾਂ ਸਮੇਤ 50 ਲੋਕ ਸ਼ਾਮਲ ਹੋਏ। 
ਓਧਰ ਲੇਬਰ ਨੇਤਾ ਬਿਲ ਸ਼ੌਰਟਨ ਨੇ ਟਵਿੱਟਰ 'ਤੇ ਟਵੀਟ ਕਰ ਕੇ ਵਿਆਹ ਕਰਨ ਵਾਲੇ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਮੈਨੂੰ ਇਹ ਬਹੁਤ ਦਿਲਚਸਪ ਲੱਗ ਰਿਹਾ ਹੈ ਅਤੇ ਮੈਂ ਇਸ ਅਦਭੁੱਤ ਦਿਨ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ। ਆਖਰਕਾਰ ਮੇਰੀ ਇਹ ਉਡੀਕ ਖਤਮ ਹੋਈ।