ਆਸਟਰੇਲੀਆ ਨੇ ਕੱਸਿਆ ਵਰਕਿੰਗ ਵੀਜ਼ੇ ''ਤੇ ਸ਼ਿਕੰਜਾ, ਭਾਰਤੀ ਕਾਮੇ ਵੀ ਹੋਣਗੇ ਪ੍ਰਭਾਵਿਤ, ਨਹੀਂ ਮਿਲੇਗਾ ਕੰਮ

03/03/2017 8:24:15 PM

ਕੈਨਬਰਾ— ਅਮਰੀਕਾ ਤੋਂ ਬਾਅਦ ਹੁਣ ਆਸਟਰੇਲੀਆ ਨੇ ਵੀ ਵਰਕਿੰਗ ਵੀਜ਼ੇ ''ਤੇ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਦੇ ਇਮੀਗਰੇਸ਼ਨ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਫਾਸਟ ਫੂਡ ਉਦਯੋਗ ''ਚ ਵਿਦੇਸ਼ੀ ਕਾਮਿਆਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਸਭ ਤੋਂ ਵਧੇਰੇ ਭਾਰਤੀ ਪ੍ਰਵਾਸੀ ਕਾਮੇ ਪ੍ਰਭਾਵਿਤ ਹੋਣਗੇ, ਕਿਉਂਕਿ ਵਰਕਿੰਗ ਵੀਜ਼ਾ ਪਾਉਣ ਵਾਲਿਆਂ ''ਚੋਂ ਇੱਕ ਚੌਥਾਈ ਗਿਣਤੀ ਭਾਰਤੀਆਂ ਦੀ ਹੈ। 
ਇਸ ਫੈਸਲੇ ਦਾ ਐਲਾਨ ਕਰਦਿਆਂ ਸ਼੍ਰੀ ਡਟਨ ਨੇ ਕਿਹਾ ਕਿ ਇਹ ਫੈਸਲਾ ਆਸਟਰੇਲੀਆਈ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਲਿਆ ਗਿਆ ਹੈ। ਸਾਲ 2012 ਤੋਂ ਲੈ ਕੇ ਹੁਣ ਤੱਕ ਮੈਕਡੋਨਲਡਜ਼, ਕੇ. ਐੱਫ. ਸੀ. ਅਤੇ ਹੰਗਰੀ ਜੈਕਸ ਸਮੇਤ ਹੋਰ ਕਾਰੋਬਾਰਾਂ ''ਚ ਕਰੀਬ 500 ਵਿਦੇਸ਼ੀ ਕਰਮਚਾਰੀਆਂ ਨੂੰ ਵਰਕਿੰਗ ਵੀਜ਼ਾ ਦਿੱਤਾ ਗਿਆ ਹੈ। ਇਸ ਵੀਜ਼ੇ ਨੂੰ 457 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸ਼੍ਰੀ ਡਟਨ ਮੁਤਾਬਕ, ''ਆਸਟਰੇਲੀਆਈ ਕਾਮਿਆਂ, ਖਾਸ ਕਰਕੇ ਨੌਜਵਾਨਾਂ ਨੂੰ ਤਰਜ਼ੀਹ ਦੇਣੀ ਹੋਵੇਗੀ।'' ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਖ਼ਾਸ ਹਾਲਾਤ ''ਚ ਵੀਜ਼ਾ ਦੇਣਾ ਜਾਰੀ ਰਹੇਗਾ। 
ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਸਤੰਬਰ ''ਚ 457 ਵੀਜ਼ੇ ''ਤੇ ਕੁੱਲ 95,758 ਲੋਕ ਰਹਿ ਰਹੇ ਸਨ, ਜਦੋਂਕਿ ਸਾਲ 2015 ''ਚ ਇਹ ਗਿਣਤੀ 1,03,862 ਸੀ। ਇਨ੍ਹਾਂ ''ਚ 24.6 ਫੀਸਦੀ ਗਿਣਤੀ ਭਾਰਤੀਆਂ ਦੀ ਹੈ। ਉੱਥੇ ਹੀ ਬ੍ਰਿਟੇਨ ਦੇ 19.5 ਫੀਸਦੀ ਅਤੇ ਚੀਨ ਦੇ 5.8 ਫੀਸਦੀ ਲੋਕ ਇਸ ਵੀਜ਼ੇ ''ਤੇ ਆਸਟਰੇਲੀਆ ''ਚ ਰਹਿ ਰਹੇ ਹਨ। ਸਾਲ 2012 ''ਚ ਜਦੋਂ ਵਿਰੋਧੀ ਧਿਰ ਲੇਬਰ ਪਾਰਟੀ ਸੱਤਾ ''ਚ ਆਈ ਸੀ ਤਾਂ ਉਦੋਂ ਇੱਕ ਸਮਝੌਤੇ ਦੇ ਤਹਿਤ ਫਾਸਟ ਫੂਡ ਉਦੋਯਗ ''ਚ ਕੰਮ ਕਰਨ ਲਈ ਵਿਦੇਸ਼ੀ ਕਾਮਿਆਂ ਨੂੰ ਵਰਕਿੰਗ ਵੀਜ਼ਾ ਦੇਣ ਦੀ ਸ਼ੁਰੂਆਤ ਹੋਈ ਸੀ। ਮੌਜੂਦਾ ਸਰਕਾਰ ਦੇ ਇਸ ਫੈਸਲੇ ''ਤੇ ਹੁਣ ਲੇਬਰ ਪਾਰਟੀ ਦੇ ਰੁਜ਼ਗਾਰ ਬੁਲਾਰੇ ਬਰੈਂਡਨ ਓ ਕਾਨਰ ਨੇ ਸਵਾਲ ਚੁੱਕੇ ਹਨ। 
ਕਾਨਰ ਨੇ ਕਿਹਾ ਹੈ ਕਿ ਇਹ ਵੀਜ਼ਾ ਅਨਾੜੀ ਕਾਮਿਆਂ ''ਤੇ ਲਾਗੂ ਨਹੀਂ ਹੁੰਦਾ ਹੈ, ਜਦੋਂਕਿ ਡਟਨ ਦਾ ਕਹਿਣਾ ਹੈ ਕਿ ਇਹ ਫੈਸਲਾ ਪ੍ਰਬੰਧਕੀ ਕਰਮਚਾਰੀਆਂ ਨੂੰ ਹੀ ਮੁੱਖ ਰੂਪ ''ਚ ਪ੍ਰਭਾਵਿਤ ਕਰੇਗਾ। ਹਾਲਾਂਕਿ ਡਟਨ ਦੀ ਰਾਇ ''ਚ ਮੌਜੂਦਾ ਵਿਵਸਥਾ ਆਸਟਰੇਲੀਆਈ ਕਾਮਿਆਂ ਨੂੰ ਤਰਜ਼ੀਹ ਨਹੀਂ ਦੇਵੇਗੀ। ਉਨ੍ਹਾਂ ਕਿਹਾ, ''ਵਿਵਸਥਾਵਾਂ ਨੂੰ ਵਿਦੇਸ਼ੀ ਕਾਮਿਆਂ ਦੀ ਲੋੜ ਹੈ, ਜਿਹੜੇ ਆਰਥਿਕ ਵਿਕਾਸ ''ਚ ਯੋਗਦਾਨ ਪਾਉਂਦੇ ਹੋਣ ਅਤੇ ਉਨ੍ਹਾਂ ਦੇ ਬਾਰੇ ''ਚ ਵਿਚਾਰ ਕੀਤਾ ਜਾਵੇਗਾ।'' ਸਾਲ 2012 ਤੋਂ ਹੁਣ ਤੱਕ ਜਾਰੀ ਕੀਤੇ ਗਏ 500 ਵੀਜ਼ਾ ਪਾਉਣ ਵਾਲੇ ਲੋਕਾਂ ''ਚੋਂ ਅੱਧੇ ਤੋਂ ਵਧੇਰੇ ਮੈਕਡੋਨਲਡਜ਼ ''ਚ ਕੰਮ ਕਰ ਰਹੇ ਹਨ, ਜਦੋਂਕਿ ਕੇ. ਐੱਫ. ਸੀ. ਅਤੇ ਹੰਗਰੀ ਜੈਕਸ ''ਚ ਕਰੀਬ 100 ਲੋਕਾਂ ਨੂੰ ਕੰਮ ਮਿਲਦਾ ਹੈ। 
ਕੀ ਹੈ 457 ਵੀਜ਼ਾ
* ਇਹ ਵੀਜ਼ਾ ਚਾਰ ਸਾਲ ਲਈ ਦਿੱਤਾ ਜਾਂਦਾ ਹੈ ਅਤੇ ਇਸ ਦੇ ਤਹਿਤ ਕੋਈ ਆਪਣੇ ਪਰਿਵਾਰ ਸਮੇਤ ਆਸਟਰੇਲੀਆ ''ਚ ਰਹਿ ਸਕਦਾ ਹੈ। 
* ਇਹ ਵੀਜ਼ਾ ਹੁਨਰਮੰਦ ਕਾਰੀਗਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤਾ ਜਾਂਦਾ ਹੈ। 
* ਕੰਪਨੀਆਂ ਉਸ ਵੇਲੇ ਇਸ ਵੀਜ਼ੇ ਨੂੰ ਸਪਾਨਸਰਜ਼ ਕਰ ਸਕਦੀਆਂ ਹਨ, ਜਦੋਂ ਉਨ੍ਹਾਂ ਨੂੰ ਕੋਈ ਆਸਟਰੇਲੀਆਈ ਜਾਂ ਸਥਾਈ ਨਿਵਾਸੀ ਨਾ ਮਿਲੇ। 
* ਵੀਜ਼ਾ ਪਾਉਣ ਵਾਲੇ ਕਰਮਚਾਰੀ ਆਸਟਰੇਲੀਆ ''ਚ ਆਜ਼ਾਦੀ ਨਾਲ ਆ-ਜਾ ਸਕਦੇ ਹਨ।