ਦੁਨੀਆ ਦੀ ਪਹਿਲੀ Zero Waste ਫਲਾਈਟ ਬਣੀ ਆਸਟ੍ਰੇਲੀਆ ਦੀ ਕੰਤਾਸ ਏਅਰਲਾਈਨ

05/10/2019 12:05:56 PM

ਸਿਡਨੀ — ਆਸਟ੍ਰੇਲੀਆ ਦੀ ਕੰਤਾਸ ਏਅਰਲਾਈਨ ਨੇ ਦੁਨੀਆ ਦੀ ਪਹਿਲੀ ਜ਼ੀਰੋ ਵੇਸਟ ਫਲਾਈਟ ਸ਼ੁਰੂ ਕੀਤੀ ਹੈ। ਇਸ ਵਿਚ ਯਾਤਰੀਆਂ ਨੂੰ ਪਲਾਸਟਿਕ ਨਾਲ ਢੱਕਿਆ ਗਿਆ ਸਮਾਨ ਨਹੀਂ ਮਿਲੇਗਾ। ਸਮਾਨ ਨੂੰ ਢੱਕਣ ਲਈ ਅਜਿਹੇ ਸਮਾਨ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਦਾ ਕਿ ਦੁਬਾਰਾ ਤੋਂ ਇਸਤੇਮਾਲ ਹੋ ਸਕੇ। ਬੁੱਧਵਾਰ ਨੂੰ ਸਿਡਨੀ ਤੋਂ ਏਡਿਲੇਡ ਜਾਣ ਵਾਲੇ ਯਾਤਰੀਆਂ ਨੂੰ ਗੰਨੇ ਦੇ ਛਿਲਕੇ(ਰਸ ਕੱਢਣ ਤੋਂ ਬਾਅਦ ਬਚਿਆ ਪਦਾਰਥ) ਨਾਲ ਬਣੀਆਂ ਪਲੇਟਾਂ 'ਚ ਭੋਜਨ ਦਿੱਤਾ ਗਿਆ। ਪਾਣੀ ਦੀਆਂ ਖਾਲੀ ਬੋਤਲਾਂ ਨੂੰ ਏਡਿਲੇਡ ਦੇ ਰੀਸਾਈਕਲ ਪਲਾਂਟ 'ਚ ਭੇਜਿਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਸਾਰੀਆਂ ਫਲਾਈਟਾਂ ਵਿਚ ਪਲਾਸਟਿਕ ਦੇ ਕਰੀਬ 10 ਕਰੋੜ ਸਮਾਨਾਂ ਦੀ ਵਰਤੋਂ ਘੱਟ ਕੀਤੀ ਜਾਵੇਗੀ।

ਯਾਤਰੀਆਂ ਨੂੰ ਦੁਬਾਰਾ ਇਸਤੇਮਾਲ ਹੋਣ ਵਾਲੇ ਸਮਾਨ ਦਿੱਤੇ ਜਾਣਗੇ।

ਕੰਪਨੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 2021 ਤੱਕ ਜਹਾਜ਼ਾਂ ਦਾ 75% ਕੂੜਾ ਸਾਫ ਕਰਨ ਦੀ ਯੋਜਨਾ ਹੈ। ਫਿਲਹਾਲ ਲਗਭਗ ਇਕ ਹਜ਼ਾਰ ਸਿੰਗਲ ਯੂਜ਼ ਪਲਾਸਟਿਕ ਆਈਟਮ ਦੀ ਥਾਂ ਨਵੇਂ ਵਿਕਲਪ ਲਿਆਂਦੇ ਗਏ ਹਨ। ਕੰਪਨੀ ਨਹੀਂ ਚਾਹੁੰਦੀ ਹੈ ਕਿ ਕੂੜੇ ਦਾ ਪਹਾੜ ਬਣੇ। ਇਸ ਦੇ ਨਾਲ ਹੀ ਅਜਿਹੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਰੀ-ਸਾਈਕਲ ਕੀਤਾ ਜਾ ਸਕੇ ਅਤੇ ਫਿਰ ਦੁਬਾਰਾ ਵਰਤੋਂ 'ਚ ਲਿਆਉਂਦਾ ਜਾ ਸਕੇ।

ਨਹੀਂ ਵਧੇਗਾ ਹਵਾਈ ਕਿਰਾਇਆ

ਕੰਤਾਸ ਡੋਮੈਸਟਿਕ ਏਅਰਲਾਈਨ ਦੇ ਨੁਮਾਇੰਦੇ ਨੇ ਕਿਹਾ ਕਿ ਫਲਾਈਟ ਦਾ ਕਿਰਾਇਆ ਨਹੀਂ ਵਧਾਇਆ ਗਿਆ ਹੈ ਅਤੇ ਨਾ ਹੀ ਯਾਤਰੀਆਂ ਦੀਆਂ ਸੇਵਾਵਾਂ ਵਿਚ ਕੋਈ ਫਰਕ ਨਹੀਂ ਆਵੇਗਾ।  ਯਾਤਰੀਆਂ ਲਈ ਪਹਿਲੇ ਵਾਲੀਆਂ ਸਹੂਲਤਾਂ ਹੀ ਜਾਰੀ ਰਹਿਣਗੀਆਂ। ਯਾਤਰੀ ਵੀ ਜ਼ੀਰੋ ਵੇਸਟ ਦੀ ਨੀਤੀ ਤੋਂ ਖੁਸ਼ ਹਨ। 

ਨਿਕਲਦਾ ਹੈ ਭਾਰੀ ਮਾਤਰਾ ਵਿਚ ਵੇਸਟ

ਹਰ ਵਾਰ ਦੀ ਫਲਾਈਟ 'ਚੋਂ ਕਰੀਬ 34 ਕਿਲੋਗ੍ਰਾਮ ਦੇ ਲਗਭਗ ਕੂੜਾ ਨਿਕਲਦਾ ਹੈ। ਇਕ ਸਾਲ 'ਚ ਇਹ ਵਧ ਕੇ 150 ਟਨ ਤੋਂ ਜ਼ਿਆਦਾ ਹੋ ਜਾਂਦਾ ਹੈ। ਹੁਣ ਉਮੀਦ ਹੈ ਕਿ ਦੂਜੀਆਂ ਏਅਰਲਾਈਂਜ਼ ਵੀ ਇਸ ਤਰੀਕੇ ਨੂੰ ਅਪਨਾਉਣਗੀਆਂ। ਕੰਤਾਸ ਅਤੇ ਜੇਟਸਟਾਰ ਦੀ 4.5 ਕਰੋੜ ਪਲਾਸਟਿਕ ਕੱਪ, 3 ਕਰੋੜ ਕਟਲਰੀ ਸੈੱਟ, 21 ਕਰੋੜ ਕੌਫੀ ਕੱਪ ਅਤੇ 40 ਲੱਖ  ਸਿਰਹਾਣਿਆਂ ਦੀ ਥਾਂ ਲੰਮੇ ਸਮੇਂ ਤੱਕ ਇਸਤੇਮਾਲ ਹੋ ਸਕਣ ਵਾਲੇ ਵਿਕਲਪ ਲਿਆਉਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਕੁੱਲ ਪ੍ਰਦੂਸ਼ਣ(ਕਾਰਬਨ ਨਿਕਾਸੀ) 'ਚ ਤਿੰਨ ਫੀਸਦੀ ਹਿੱਸਾ ਏਅਰਲਾਈਂਸ ਦਾ ਹੈ।