19 ਘੰਟੇ ਦੀ ਯਾਤਰਾ ਕਰ ਫਲਾਈਟ ਨੇ ਰਚਿਆ ਇਤਿਹਾਸ, ਜਾਣੋ ਕੀ ਬੋਲੇ ਪਾਇਲਟ

10/21/2019 11:22:05 AM

ਸਿਡਨੀ (ਬਿਊਰੋ)— ਆਸਟ੍ਰੇਲੀਅਨ ਕਵਾਂਟਸ ਏਅਰਵੇਜ਼ ਦੀ ਫਲਾਈਟ ਸੰਖਿਆ QF7879 ਸਿਰਫ 19 ਘੰਟੇ 16 ਮਿੰਟ ਦੀ ਸਿੱਧੀ ਉਡਾਣ ਨਾਲ ਨਿਊਯਾਰਕ ਤੋਂ ਸਿਡਨੀ ਪਹੁੰਚੀ। ਅਮਰੀਕਾ ਦੇ ਨਿਊਯਾਰਕ ਤੋਂ ਆਸਟ੍ਰੇਲੀਆ ਦੇ ਸਿਡਨੀ ਤੱਕ ਲਈ ਨਿਕਲੀ ਕਵਾਂਟਸ ਫਲਾਈਟ ਨੇ ਸਭ ਤੋਂ ਲੰਬੇ ਸਫਰ ਨੂੰ ਸਫਲਤਾਪੂਰਵਕ ਪੂਰਾ ਕਰਕੇ ਐਵੀਏਸ਼ਨ ਸੈਕਟਰ ਵਿਚ ਨਵਾਂ ਇਤਿਹਾਸ ਕਾਇਮ ਕੀਤਾ ਹੈ। 19 ਘੰਟੇ ਦੀ ਟੈਸਟ ਫਲਾਈਟ ਦੇ ਸਫਲ ਟਚਡਾਊਨ ਦੇ ਨਾਲ ਹੀ ਹੁਣ ਦੁਨੀਆ ਵਿਚ ਸਭ ਤੋਂ ਜ਼ਿਆਦਾ ਦੂਰੀ ਕਵਰ ਕਰਨ ਵਾਲੀ ਫਲਾਈਟ ਬਣ ਗਈ ਹੈ। ਇੱਥੇ ਦੱਸ ਦਈਏ ਕਿ ਇਸ ਸਾਲ ਕੰਪਨੀ ਨੇ ਲੰਬੀ ਦੂਰੀ ਵਾਲੀ ਪਹਿਲੀ ਤਿੰਨ ਟੈਸਟ ਫਲਾਈਟ ਚਲਾਉਣ ਦੀ ਯੋਜਨਾ ਬਣਾਈ ਹੈ। ਲੰਡਨ ਤੋਂ ਸਿਡਨੀ ਲਈ ਵੀ ਏਅਰਲਾਈਨ ਇਕ ਟੈਸਟ ਫਲਾਈਟ ਕਰਨਾ ਚਾਹੁੰਦੀ ਹੈ। 

ਏਅਰਲਾਈਨ ਨੇ 49 ਲੋਕਾਂ ਸਮੇਤ ਕਰੀਬ 17,000 ਕਿਲੋਮੀਟਰ ਦੀ ਦੂਰੀ ਨੂੰ 19 ਘੰਟੇ ਅਤੇ 16 ਮਿੰਟ ਵਿਚ ਪੂਰਾ ਕੀਤਾ। ਉਡਾਣ ਵਿਚ ਸਵਾਰ ਹੋਣ ਦੇ ਬਾਅਦ ਯਾਤਰੀਆਂ ਨੂੰ ਸਿਡਨੀ ਦੇ ਸਮੇਂ ਮੁਤਾਬਕ ਆਪਣੀਆਂ ਘੜੀਆਂ ਸੈੱਟ ਕਰਨ ਲਈ ਕਿਹਾ ਗਿਆ। ਉਨ੍ਹਾਂ ਨੂੰ ਪੂਰੀ ਰਾਤ ਜਗਾਉਣ ਲਈ ਲਾਈਟ, ਕਸਰਤ, ਕੈਫੀਨ ਅਤੇ ਮਸਾਲੇਦਾਰ ਭੋਜਨ ਦੇ ਨਾਲ ਪੂਰਬੀ ਆਸਟ੍ਰੇਲੀਆ ਵਿਚ ਰੱਖਿਆ ਗਿਆ। 6 ਘੰਟੇ ਦੇ ਬਾਅਦ ਉਨ੍ਹਾਂ ਨੂੰ ਇਕ ਉੱਚ ਕਾਰਬੋਹਾਈਡ੍ਰੇਟ ਵਾਲਾ ਭੋਜਨ ਸਰਵ ਕੀਤਾ ਗਿਆ। ਉਨ੍ਹਾਂ ਨੂੰ ਸਕਰੀਨ ਦੇਖਣ ਤੋਂ ਬਚਣ ਲਈ ਕਿਹਾ ਗਿਆ ਅਤੇ ਰਾਤ ਨੂੰ ਸੌਣ ਲਈ ਉਤਸ਼ਾਹਿਤ ਕਰਨ ਲਈ ਰੋਸ਼ਨੀ ਨੂੰ ਘੱਟ ਕਰ ਦਿੱਤਾ ਗਿਆ। 

ਆਸਟ੍ਰੇਲੀਆ ਦੀ ਏਅਰਲਾਈਨ ਕਵਾਂਟਸ ਦੀ ਨੌਨ ਸਟੌਪ ਟੈਸਟ ਫਲਾਈਟ ਦੀ ਸਫਲ ਲੈਂਡਿੰਗ ਦੇ ਬਾਅਦ ਹੁਣ ਪਾਇਲਟ, ਕਰੂ ਮੈਂਬਰ ਅਤੇ ਯਾਤਰੀਆਂ 'ਤੇ ਸੰਭਾਵਿਤ ਅਸਰ 'ਤੇ ਰਿਸਰਚ ਕੀਤੀ ਜਾਵੇਗੀ। ਕਵਾਂਟਸ ਗਰੁੱਪ ਦੇ ਮੁੱਖ ਕਾਰਜਕਾਰੀ ਐਲਨ ਜੌਏਸ ਦੇ ਹਵਾਲੇ ਨਾਲ ਸੀ.ਐੱਨ.ਐੱਨ. ਨੇ ਜਾਣਕਾਰੀ ਦਿੱਤੀ ਹੈ ਕਿ ਇਹ ਐਵੀਏਸ਼ਨ ਦੇ ਖੇਤਰ ਵਿਚ ਪਹਿਲੀ ਵਾਰ ਹੈ ਜਦੋਂ ਕਿਸੇ ਫਲਾਈਟ ਨੇ ਇੰਨੀ ਲੰਬੀ ਦੂਰੀ ਤੈਅ ਕੀਤੀ ਹੈ। ਹੁਣ ਉਨ੍ਹਾਂ ਨੂੰ ਆਸ ਹੈ ਕਿ ਇਸ ਮਗਰੋਂ ਨਿਯਮਿਤ ਸੇਵਾ (regular service) ਵਿਚ ਤੇਜ਼ੀ ਆਵੇਗੀ ਅਤੇ ਦੁਨੀਆ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਪਹੁੰਚਣ ਲਈ ਲੋਕਾਂ ਨੂੰ ਆਸਾਨੀ ਹੋਵੇਗੀ। 

ਫਲਾਈਟ ਦੇ ਬਾਅਦ ਇਸ ਵਿਚ ਸਵਾਰ ਸਾਰੇ ਲੋਕਾਂ ਦੀ ਸਿਹਤ ਤੇ ਤੰਦਰੁਸਤੀ ਨਾਲ ਜੁੜੇ ਕੁਝ ਅੰਕੜੇ ਵੀ ਇਕੱਠੇ ਕੀਤੇ ਗਏ ਹਨ। ਜਿਹੜੇ ਟੈਸਟ ਹੁਣ ਕੀਤੇ ਜਾਣਗੇ, ਉਨ੍ਹਾਂ ਵਿਚ ਪਾਇਲਟ ਦੇ ਬ੍ਰੇਨ ਵੇਵਸ ਦੇ ਇਲਾਵਾ ਯਾਤਰੀਆਂ ਦੇ ਮੇਲਾਟੋਨਿਨ ਲੇਵਲ ਅਤੇ ਐਲਰਟਨੈੱਸ 'ਤੇ ਅਧਿਐਨ ਹੋਵੇਗਾ ਤਾਂ ਜੋ ਫਲਾਈਟ ਵਿਚ ਮੌਜੂਦ ਕਲਾਸ ਨੂੰ ਹੋਰ ਆਰਾਮਦਾਇਕ ਬਣਾਇਆ ਜਾ ਸਕੇ। ਜੌਇਸ ਨੇ ਕਿਹਾ,''ਅਸੀਂ ਜਾਣਦੇ ਹਾਂ ਕਿ ਲੰਬੀ ਦੂਰੀ ਦੀ ਫਲਾਈਟਾਂ ਦੀਆਂ ਕੁਝ ਚੁਣੌਤੀਆਂ ਹੁੰਦੀਆਂ ਹਨ ਪਰ ਇਹ ਵੀ ਸੱਚ ਹੈ ਕਿ ਹਰ ਵਾਰ ਤਕਨਾਲੋਜੀ ਕਾਰਨ ਉਡਾਣ ਦੀ ਸਮੇਂ ਸੀਮਾ ਵਧਾਉਣ ਵਿਚ ਮਦਦ ਮਿਲਦੀ ਹੈ।'' 

ਉਨ੍ਹਾਂ ਨੇ ਦੱਸਿਆ ਕਿ ਜਿਹੜੀ ਰਿਸਰਚ ਕੀਤੀ ਜਾ ਰਹੀ ਹੈ ਉਸ ਨਾਲ ਉਨ੍ਹਾਂ ਨੂੰ ਸਹੂਲਤਾਂ ਅਤੇ ਸਿਹਤ ਦੀ ਦਿਸ਼ਾ ਵਿਚ ਹੋਣ ਵਾਲੀਆਂ ਕੋਸ਼ਿਸ਼ਾਂ ਨੂੰ ਵਧਾਉਣ ਵਿਚ ਆਸਾਨੀ ਹੋਵੇਗੀ। ਕਵਾਂਟਸ ਦੀ ਅਗਲੀ ਫਲਾਈਟ ਹੁਣ ਨਵੰਬਰ ਵਿਚ ਟੇਕ ਆਫ ਕਰੇਗੀ ਅਤੇ ਇਹ ਲੰਡਨ ਤੋਂ ਸਿਡਨੀ ਤੱਕ ਹੋਵੇਗੀ। ਇਸ ਦੇ ਇਲਾਵਾ ਇਸ ਸਾਲ ਦੇ ਅਖੀਰ ਵਿਚ ਨਿਊਯਾਰਕ ਤੋਂ ਸਿਡਨੀ ਤੱਕ ਦੀ ਇਕ ਹੋਰ ਫਲਾਈਟ ਹੋਵੇਗੀ। ਕਵਾਂਟਸ ਵਲੋਂ ਆਸ ਜ਼ਾਹਰ ਕੀਤੀ ਗਈ ਹੈ ਕਿ ਆਸਟ੍ਰੇਲੀਆ ਦੇ ਈਸਟ ਕੋਸਟ ਮਤਲਬ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਤੋਂ ਨਿਊਯਾਰਕ ਅਤੇ ਲੰਡਨ ਤੱਕ ਲਈ ਸਿੱਧੀ ਉਡਾਣ ਸਾਲ 2022 ਜਾਂ 2023 ਤੱਕ ਸ਼ੁਰੂ ਹੋ ਸਕੇਗੀ।

Vandana

This news is Content Editor Vandana