ਆਸਟ੍ਰੇਲੀਆ : 6 ਸਾਲ ਬਾਅਦ ਵੀ ਨਹੀਂ ਸੁਲਝ ਸਕਿਆ ਪੰਜਾਬਣ ਦੀ ਮੌਤ ਦਾ ਰਹੱਸ

10/10/2019 1:08:24 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਅਦਾਲਤ 'ਚ ਇਕ ਪੁਰਾਣੇ ਕੇਸ ਦਾ ਟਰਾਇਲ ਚੱਲ ਰਿਹਾ ਹੈ। ਰੋਜ਼ ਹਿੱਲ ਹੋਮ 'ਚ ਰਹਿਣ ਵਾਲੇ ਕੁਲਵਿੰਦਰ ਸਿੰਘ ਦੀ ਪਤਨੀ ਪਰਵਿੰਦਰ ਕੌਰ ਦੀ ਦਸੰਬਰ 2013 'ਚ ਮੌਤ ਹੋਈ ਸੀ। 6 ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬਣ ਦੀ ਮੌਤ ਦਾ ਰਹੱਸ ਸੁਲਝ ਨਹੀਂ ਸਕਿਆ ਤੇ ਅਜੇ ਕੋਈ ਅਜਿਹਾ ਫੈਸਲਾ ਨਹੀਂ ਆਇਆ ਕਿ ਪਤਾ ਲੱਗ ਸਕੇ ਕਿ ਪਰਵਿੰਦਰ ਦਾ ਕਤਲ ਹੋਇਆ ਸੀ ਜਾਂ ਉਸ ਨੇ ਆਤਮ-ਹੱਤਿਆ ਕੀਤੀ ਸੀ। 32 ਸਾਲਾ ਪਰਵਿੰਦਰ ਦੀ ਮੌਤ ਪੈਟਰੋਲ ਛਿੜਕੇ ਜਾਣ ਮਗਰੋਂ ਲੱਗੀ ਅੱਗ ਕਾਰਨ ਹੋਈ ਸੀ। ਇਸ ਕਾਰਨ ਉਸ ਦਾ 90 ਫੀਸਦੀ ਸਰੀਰ ਝੁਲਸ ਗਿਆ ਸੀ। ਪੁਲਸ ਨੇ ਕੁਲਵਿੰਦਰ ਸਿੰਘ ਨੂੰ 2017 'ਚ ਹਿਰਾਸਤ 'ਚ ਲਿਆ ਸੀ। ਹਾਲਾਂਕਿ ਅਜੇ ਕੁਲਵਿੰਦਰ ‘ਤੇ ਕਤਲ ਕਰਨ ਦੇ ਦੋਸ਼ ਸਿੱਧ ਨਹੀਂ ਹੋਏ।

 

ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ 'ਚ ਪਰਿਵੰਦਰ ਕੌਰ ਦੇ ਵਕੀਲ ਕ੍ਰਿਸ ਮੈਕਸਵੈੱਲ ਨੇ ਵੀਰਵਾਰ ਨੂੰ ਦੱਸਿਆ ਕਿ ਪਤੀ-ਪਤਨੀ ਵਿਚਕਾਰ ਪੈਸਿਆਂ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ ਪਰਵਿੰਦਰ ਨੇ ਕੁਲਵਿੰਦਰ ਦੇ ਖਾਤੇ 'ਚ ਆਪਣੇ ਪੈਸੇ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਸਥਾਨਕ ਪੁਲਸ ਨੂੰ ਮਦਦ ਲਈ ਫੋਨ ਵੀ ਕੀਤਾ ਸੀ ਪਰ ਫੋਨ ਕੱਟ ਗਿਆ ਸੀ। ਕੁਲਵਿੰਦਰ ਨੇ ਇਸ ਕਾਰਨ ਪਰਵਿੰਦਰ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਸ ਨੇ ਉਸ ਨੂੰ ਛੱਡ ਕੇ ਜਾਣ ਦੀ ਗੱਲ ਆਖੀ ਸੀ। ਜਿਸ ਦਿਨ ਪਰਵਿੰਦਰ ਨੂੰ ਸਾੜਿਆ ਗਿਆ ਉਸ ਦਿਨ ਕੁਲਵਿੰਦਰ ਦੇ ਖਾਤੇ 'ਚ ਸਿਰਫ 95.36 ਡਾਲਰ ਬਚੇ ਸਨ। ਅਦਾਲਤ 'ਚ ਦੱਸਿਆ ਗਿਆ ਕਿ ਕੁਲਵਿੰਦਰ ਹੀ ਮੌਤ ਦਾ ਕਾਰਨ ਬਣਿਆ ਜਦਕਿ ਉਸ ਨੇ ਪੁਲਸ ਨੂੰ ਕਿਹਾ ਸੀ ਕਿ ਜਦ ਉਸ ਦੀ ਪਤਨੀ ਨੇ ਆਪਣੇ ਆਪ ਨੂੰ ਅੱਗ ਲਗਾਈ, ਉਸ ਸਮੇਂ ਉਹ ਉੱਪਰਲੇ ਕਮਰੇ 'ਚ ਸੀ।

ਅਦਾਲਤ 'ਚ ਇਹ ਵੀ ਦੱਸਿਆ ਗਿਆ ਕਿ ਪ੍ਰੋਫੈਸਰ ਪੀਟਰ ਮੈਟਿਜ਼ ਨੇ ਦੱਸਿਆ ਸੀ ਕਿ ਪਰਵਿੰਦਰ ਦਾ ਸਿਰ ਅਤੇ ਚਿਹਰੇ ਦਾ ਉੱਪਰਲਾ ਹਿੱਸਾ ਝੁਲਸਿਆ ਨਹੀਂ ਸੀ ਤੇ ਜੇਕਰ ਉਸ ਨੇ ਆਤਮ ਹੱਤਿਆ ਕਰਨੀ ਹੁੰਦੀ ਤਾਂ ਉਸ ਨੇ ਆਪਣੇ ਸਿਰ 'ਤੇ ਵੀ ਪੈਟਰੋਲ ਛਿੜਕਣਾ ਸੀ। ਇਸ ਤੋਂ ਸਪੱਸ਼ਟ ਹੈ ਕਿ ਕਿਸੇ ਹੋਰ ਨੇ ਉਸ 'ਤੇ ਪੈਟਰੋਲ ਛਿੜਕਿਆ ਸੀ। ਘਰ 'ਚ ਉਨ੍ਹਾਂ ਦੋਹਾਂ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਇਸ ਲਈ ਕੁਲਵਿੰਦਰ ਹੀ ਦੋਸ਼ੀ ਹੈ।

 

ਹਾਲਾਂਕਿ ਕੁਲਵਿੰਦਰ ਸਿੰਘ ਦੀ ਵਕੀਲ ਦਾ ਕਹਿਣਾ ਹੈ ਕਿ ਪਰਵਿੰਦਰ ਨੇ ਹੀ ਖੁਦ 'ਤੇ ਪੈਟਰੋਲ ਛਿੜਕਿਆ ਕਿਉਂਕਿ ਪੈਟਰੋਲ ਵਾਲੀ ਬੋਤਲ 'ਤੇ ਉਸ ਦੇ ਹੱਥਾਂ ਦੇ ਨਿਸ਼ਾਨ ਸਨ ਤੇ ਉਸ ਨੇ ਹੀ ਲਾਈਟਰ ਬਾਲ ਕੇ ਖੁਦ ਨੂੰ ਸਾੜਿਆ। ਵਕੀਲ ਦਾ ਕਹਿਣਾ ਹੈ ਕਿ ਸ਼ਾਇਦ ਪਰਵਿੰਦਰ ਇਹ ਸਭ ਕਰਕੇ ਆਪਣੇ ਟੁੱਟ ਰਹੇ ਪਰਿਵਾਰ ਨੂੰ ਜੋੜਨ ਲਈ ਕੋਸ਼ਿਸ਼ ਕਰ ਰਹੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਸ ਵਲੋਂ ਛਿੜਕਿਆ ਪੈਟਰੋਲ ਉਸ ਦੀ ਜਾਨ ਲੈ ਲਵੇਗਾ। ਜਦ ਪਰਵਿੰਦਰ ਨੇ ਖੁਦ ਨੂੰ ਅੱਗ ਲਗਾਈ ਤਾਂ ਕੁਲਵਿੰਦਰ ਉਪਰਲੇ ਕਮਰੇ 'ਚ ਆਪਣੇ ਕੱਪੜੇ ਪੈਕ ਕਰ ਰਿਹਾ ਸੀ ਤਾਂ ਕਿ ਕੁਝ ਦਿਨਾਂ ਲਈ ਆਪਣੀ ਮਾਂ ਕੋਲ ਚਲਾ ਜਾਵੇ ਤੇ ਦੋਹਾਂ ਵਿਚਕਾਰ ਹੋ ਰਿਹਾ ਝਗੜਾ ਖਤਮ ਹੋ ਜਾਵੇ। ਜਦ ਪਰਵਿੰਦਰ ਪੂਰੀ ਤਰ੍ਹਾਂ ਝੁਲਸ ਗਈ ਤਾਂ ਵਾਰ-ਵਾਰ ਕਹਿਣ ਲੱਗੀ,'ਵਿੰਦਰ ਮੈਨੂੰ ਬਚਾ ਲਓ'। ਵਕੀਲ ਨੇ ਇਹ ਵੀ ਦੱਸਿਆ ਕਿ ਜੇਕਰ ਕੁਲਵਿੰਦਰ ਨੇ ਉਸ ਨੂੰ ਅੱਗ ਲਗਾਉਣੀ ਹੁੰਦੀ ਤਾਂ ਪੈਟਰੋਲ ਛਿੜਕੇ ਜਾਣ ਤੋਂ ਬਾਅਦ ਪਰਵਿੰਦਰ ਨੇ ਭੱਜ ਜਾਣਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ।


ਜਾਂਚ ਸਮੇਂ ਗੁਆਂਢੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਪਰਵਿੰਦਰ ਦੀਆਂ ਦਰਦਨਾਕ ਚੀਕਾਂ ਸੁਣੀਆਂ ਤੇ ਜਦ ਉਹ ਉਨ੍ਹਾਂ ਦੇ ਘਰ ਵੱਲ ਗਏ ਤਾਂ ਦੇਖਿਆ ਕਿ ਕੁਲਵਿੰਦਰ ਹੱਥਾਂ ਨਾਲ ਪਰਵਿੰਦਰ ਨੂੰ ਲੱਗੀ ਅੱਗ ਬੁਝਾ ਰਿਹਾ ਸੀ। ਜ਼ਿਕਰਯੋਗ ਹੈ ਕਿ ਅਜੇ ਕੇਸ ਦਾ ਟਰਾਇਲ ਚੱਲ ਰਿਹਾ ਹੈ ਤੇ ਕੋਈ ਵੀ ਫੈਸਲਾ ਆਉਣ 'ਚ ਅਜੇ ਸਮਾਂ ਲੱਗ ਸਕਦਾ ਹੈ।