ਆਸਟ੍ਰੇਲੀਆ 'ਚ ਪਹਿਲੀਆਂ ਪੰਜਾਬੀ ਨੁੱਕੜ ਲਾਇਬ੍ਰੇਰੀਆਂ ਦੀ ਸਥਾਪਨਾ

05/17/2021 9:40:57 AM

ਬ੍ਰਿਸਬੇਨ (ਸਤਵਿੰਦਰ ਟੀਨੂੰ): ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੇ ਉੱਦਮ ਸਦਕਾ ਮਿੰਨੀ/ਨੁੱਕੜ ਪੰਜਾਬੀ ਸਾਹਿਤ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ। ਇਹ ਲਾਇਬ੍ਰੇਰੀਆਂ ਕਿਸੇ ਬੰਦ ਬਿਲਡਿੰਗ ਜਾਂ ਕਿਸੇ ਪ੍ਰਬੰਧਕੀ ਢਾਂਚੇ ਤੋਂ ਮੁਕਤ ਸਹਿਤ ਪ੍ਰੇਮੀਆਂ ਦੇ ਘਰਾਂ ਦੇ ਬਾਹਰ ਗਲੀ ਵਿੱਚ ਖੋਲ੍ਹੀਆਂ ਗਈਆਂ ਹਨ। ਜਿਥੋਂ ਪਾਠਕ ਆਸਾਨੀ ਨਾਲ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਲਈ ਲੈ ਕੇ ਜਾ ਸਕਦੇ ਹਨ। ਲੇਖਕ ਸਭਾ ਦੇ ਇਸ ਉਪਰਾਲੇ ਦਾ ਇੱਕੋ ਇੱਕ ਮਕਸਦ ਨਵੀ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੋੜਨਾ ਹੈ। 

ਸਭਾ ਦੀ ਕੋਸ਼ਿਸ਼ ਰਹੇਗੀ ਇਹਨਾਂ ਲਾਇਬ੍ਰੇਰੀਆਂ ਵਿੱਚ ਸਾਹਿਤ ਦੀਆਂ ਤਕਰੀਬਨ ਹਰ ਸ਼੍ਰੇਣੀ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ।ਜਿੰਨ੍ਹਾ ਨੂੰ ਪੜ੍ਹ ਕੇ ਪਾਠਕਾਂ ਦੇ ਗਿਆਨ ਵਿੱਚ ਵਾਧਾ ਹੋਵੇ।ਸਭਾ ਮੈਂਬਰਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਕਾਰਜ ਵਿੱਚ ਸਮੁੱਚੇ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੈ।ਸਮੁੱਚਾ ਭਾਈਚਾਰਾ ਵਿਅਕਤੀਗਤ ਤੌਰ 'ਤੇ ਇਹਨਾਂ ਲਾਇਬ੍ਰੇਰੀਆਂ ਲਈ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦਾਨ ਕਰਕੇ ਆਪਣਾ ਯੋਗਦਾਨ ਪਾ ਸਕਦਾ ਹੈ ਅਤੇ ਸਹਿਤਕ ਕਿਤਾਬਾਂ ਦੀ ਚੌਣ ਕਰਨ ਬਾਰੇ ਆਪਣੇ ਕੀਮਤੀ ਸੁਝਾਅ ਦੇ ਕੇ ਸਹਿਯੋਗ ਕਰ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ -ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਫਿਲਸਤੀਨ ਪੱਖੀ ਮੁਜ਼ਾਹਰੇ

ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਸਭਾ ਵੱਲੋਂ ਕਿਸਾਨ ਭਰਾਵਾਂ ਦੀ ਹਮਾਇਤ ਵਿੱਚ ਕਵੀ ਦਰਬਾਰ ਕਰਵਾਏ ਗਏ ਤੇ ਸਭਾ ਮੈਂਬਰਾਂ ਵੱਲੋਂ ਵਿੱਤੀ ਤੌਰ 'ਤੇ ਮੋਰਚੇ ਲਈ ਮਦਦ ਵੀ ਭੇਜੀ ਗਈ ਸੀ। ਸਭਾ ਦੀ ਕਾਰਜਕਾਰਨੀ ਕਮੇਟੀ ਨੇ ਸਾਂਝਾ ਸੁਨੇਹਾ ਦਿੰਦਿਆ ਕਿਹਾ ਕਿ ਸਭਾ ਭਵਿੱਖ ਵਿੱਚ ਵੀ ਪੰਜਾਬੀ ਸਾਹਿਤ ਦੇ ਪਾਸਾਰ ਲਈ ਹੋਰ ਨਵੇਂ ਨਵੇੰ ਉਪਰਾਲੇ ਕਰਨ ਲਈ ਬਚਨਬੱਧ ਰਹੇਗੀ। ਉਦਘਾਟਨ ਸਮੇਂ ਹਰਮਨਦੀਪ ਗਿੱਲ, ਵਰਿੰਦਰ ਅਲੀਸ਼ੇਰ, ਹਰਦੀਪ ਵਾਗਲਾ, ਬਲਵਿੰਦਰ ਮੋਰੋ, ਸੁਖਜਿੰਦਰ ਸਿੰਘ, ਮਨ ਖਹਿਰਾ, ਜਗਜੀਤ ਖੋਸਾ ਆਦਿ ਸ਼ਾਮਿਲ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana