ਆਸਟ੍ਰੇਲੀਆ ਦੌਰੇ 'ਤੇ ਗਏ ਪ੍ਰਿੰਸ ਹੈਰੀ ਤੇ ਮੇਗਨ ਨੂੰ ਦਿੱਤੇ ਗਏ ਬੱਚੇ ਨਾਲ ਸਬੰਧਤ ਤੋਹਫੇ

10/16/2018 1:07:20 PM

ਸਿਡਨੀ (ਭਾਸ਼ਾ)— ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਜੋੜੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਮਾਤਾ-ਪਿਤਾ ਬਣਨ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਮੰਗਲਵਾਰ ਨੂੰ ਉਨ੍ਹਾਂ ਨੂੰ ਬੱਚੇ ਨਾਲ ਸਬੰਧਤ ਤੋਹਫੇ ਭੇਂਟ ਕੀਤੇ ਗਏ। ਸ਼ਾਹੀ ਜੋੜਾ ਆਸਟ੍ਰੇਲੀਆ, ਨਿਊਜ਼ੀਲੈਂਡ, ਫਿਜ਼ੀ ਅਤੇ ਟੋਂਗਾ ਦੇ 16 ਦਿਨ ਦੇ ਦੌਰੇ 'ਤੇ ਹਨ। ਦੇਸ਼ ਦੇ ਗਵਰਨਰ ਜਨਰਲ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਬੱਚਿਆਂ ਦੇ ਪਾਉਣ ਵਾਲੇ ਬੂਟ ਭੇਂਟ ਕੀਤੇ। ਬਹੁਤ ਖੁਸ਼ ਨਜ਼ਰ ਆ ਰਹੇ ਪ੍ਰਿੰਸ ਹੈਰੀ ਅਤੇ ਮੇਗਨ ਨੇ ਹੱਸਦਿਆਂ ਇਹ ਤੋਹਫਾ ਕਬੂਲ ਕੀਤਾ।

ਦੋਹਾਂ ਨੇ ਚਿੜੀਆ ਘਰ ਵਿਚ ਯੂਕੇਲਿਪਟਸ ਦੀਆਂ ਪੱਤੀਆਂ ਚਬਾਉਂਦੇ ਕੋਆਲਾ ਨੂੰ ਦੇਖਿਆ, ਸਿਡਨੀ ਹਾਰਬਰ ਵਿਚ ਕਿਸ਼ਤੀ ਦੀ ਸੈਰ ਕੀਤੀ ਅਤੇ ਓਪੇਰਾ ਹਾਊਸ ਦੇ ਸਾਹਮਣੇ ਤਸਵੀਰ ਖਿੱਚਵਾਈ। 

ਇਸ ਦੌਰਾਨ ਮੇਗਨ ਨੇ ਆਸਟ੍ਰੇਲੀਆਨ ਡਿਜ਼ਾਈਨਰ ਕਾਰੇਨ ਗੀ ਦੀ ਸਫੇਦ ਰੰਗ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ਵਿਚ ਉਸ ਦੇ ਗਰਭਵਤੀ ਹੋਣ ਬਾਰੇ ਪਤਾ ਲੱਗ ਰਿਹਾ ਸੀ। ਓਪੇਰਾ ਹਾਊਸ ਵਿਚ ਸਖਤ ਸੁਰੱਖਿਆ ਵਿਚਕਾਰ ਸੈਂਕੜੇ ਦੀ ਗਿਣਤੀ ਵਿਚ ਲੋਕ ਮੌਜੂਦ ਸਨ। ਇਨ੍ਹਾਂ ਲੋਕਾਂ ਨੇ ਆਸਟ੍ਰੇਲੀਆਈ ਝੰਡੇ, ਤਸਵੀਰਾਂ ਅਤੇ ਵੱਡੇ-ਵੱਡੇ ਕੋਆਲਾ ਖਿਡੌਣੇ ਫੜੇ ਹੋਏ ਸਨ।

ਗੌਰਤਲਬ ਹੈ ਕਿ ਸ਼ਾਹੀ ਪਰਿਵਾਰ ਦਾ ਜੋੜਾ ਸੋਮਵਾਰ ਨੂੰ ਇੱਥੇ ਪਹੁੰਚਿਆ। ਇਸ ਦੇ ਕੁਝ ਦੇਰ ਬਾਅਦ ਕਿੰਗਸਟਨ ਪੈਲੇਸ ਨੇ ਐਲਾਨ ਕੀਤਾ ਕਿ ਮਹਾਰਾਣੀ ਐਲਿਜ਼ਾਬੇਥ ਦੇ 34 ਸਾਲਾ ਪੋਤੇ ਅਤੇ ਉਨ੍ਹਾਂ ਦੀ 37 ਸਾਲਾ ਪਤਨੀ ਸਾਲ 2019 ਵਿਚ ਬਸੰਤ ਰੁੱਤ ਵਿਚ ਮਾਤਾ-ਪਿਤਾ ਬਣਨ ਵਾਲੇ ਹਨ। ਐਲਾਨ ਦੇ ਤੁਰੰਤ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟਵੀਟ ਕੀਤਾ,''ਬਹੁਤ ਵਧੀਆ ਖਬਰ''।