ਆਸਟ੍ਰੇਲੀਆ ਦੇ ਪੀ. ਐੱਮ. ਟਰਨਬੁੱਲ ਨੇ ਕਿਹਾ, 50 ਸ਼ਰਣਾਰਥੀ ਛੇਤੀ ਜਾਣਗੇ ਅਮਰੀਕਾ

09/20/2017 3:35:15 PM

ਕੈਨਬਰਾ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਨਾਲ ਹੋਏ ਵਿਵਾਦਪੂਰਨ ਸਮਝੌਤੇ ਤਹਿਤ ਪਹਿਲੇ 50 ਸ਼ਰਣਾਰਥੀਆਂ ਦਾ ਅਮਰੀਕਾ 'ਚ ਮੁੜਵਸੇਬਾ ਹੋਵੇਗਾ। ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਕਿ ਕੁਝ ਦਿਨਾਂ ਦੇ ਅੰਦਰ ਇਹ ਸੂਚਨਾ ਜਾਰੀ ਕਰ ਦਿੱਤੀ ਜਾਵੇਗੀ ਕਿ ਪ੍ਰਸ਼ਾਂਤ ਟਾਪੂ ਦੇ ਕੈਂਪਾਂ ਵਿਚ ਕਈ ਸਾਲਾਂ ਤੋਂ ਰਹਿ ਰਹੇ ਇਹ ਸ਼ਰਣਾਰਥੀ ਉੱਥੋਂ ਰਵਾਨਾ ਹੋਣਗੇ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਪ੍ਰਸ਼ਾਸਨ ਆਸਟ੍ਰੇਲੀਆ ਦੇ 1,250 ਸ਼ਰਣਾਰਥੀਆਂ ਨੂੰ ਆਪਣੇ ਦੇਸ਼ 'ਚ ਰੱਖਣ 'ਤੇ ਸਹਿਮਤ ਹੋਇਆ ਸੀ। ਜ਼ਿਆਦਾਤਰ ਸ਼ਰਣਾਰਥੀ ਈਰਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਤੋਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ 'ਬਕਵਾਸ' ਦੱਸਿਆ ਸੀ, ਹਾਲਾਂਕਿ ਉਹ ਇਨ੍ਹਾਂ ਸ਼ਰਣਾਰਥੀਆਂ ਨੂੰ ਡੂੰਘੀ ਜਾਂਚ ਤੋਂ ਬਾਅਦ ਰੱਖਣ 'ਤੇ ਸਹਿਮਤ ਹੋ ਗਏ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਕਿ ਨਾਉਰੂ ਅਤੇ ਪਾਪੂਆ ਨਿਊ ਗਿਨੀ ਵਰਗੇ ਗਰੀਬ ਦੇਸ਼ਾਂ ਵਿਚ ਰਹਿ ਰਹੇ ਤਕਰੀਬਨ 50 ਸ਼ਰਣਾਰਥੀਆਂ ਦੇ ਪਹਿਲੇ ਜੱਥੇ ਨੂੰ ਆਸਟ੍ਰੇਲੀਆ ਛੇਤੀ ਹੀ ਸੂਚਿਤ ਕਰੇਗਾ ਕਿ ਅਮਰੀਕਾ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਹੈ।