ਆਸਟ੍ਰੇਲੀਆ ਨੇ ਘਟਾਈ ਪਲਾਸਟਿਕ ਬੈਗ ਦੀ ਵਰਤੋਂ, ਹੁਣ UNO ਦੀ ਨਜ਼ਰ ਭਾਰਤ 'ਤੇ

07/21/2019 5:13:35 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਸਰਕਾਰ ਆਪਣੇ ਨੀਤੀਗਤ ਅਤੇ ਪ੍ਰਭਾਵੀ ਫੈਸਲਿਆਂ ਕਾਰਨ ਪਲਾਸਟਿਕ ਦੀ ਵਰਤੋਂ 'ਤੇ ਤੇਜ਼ੀ ਨਾਲ ਪਾਬੰਦੀ ਲਗਾਉਣ ਵਿਚ ਸਫਲ ਹੋ ਰਹੀ ਹੈ। ਦੇਸ਼ ਦੇ ਨੈਸ਼ਨਲ ਰਿਟੇਲ ਐਸੋਸੀਏਸ਼ਨ ਦੀ ਇਕ ਰਿਪੋਰਟ ਮੁਤਾਬਕ ਸਿਰਫ 3 ਮਹੀਨੇ ਵਿਚ ਆਸਟ੍ਰੇਲੀਆ ਨੇ ਪਲਾਸਟਿਕ ਬੈਗ ਦੀ ਵਰਤੋਂ ਵਿਚ 80 ਫੀਸਦੀ ਦੀ ਕਟੌਤੀ ਕੀਤੀ ਹੈ। ਬੇਸ਼ੱਕ ਪਲਾਸਟਿਕ ਪ੍ਰਦੂਸ਼ਣ ਦੇ ਨਿਪਟਾਰੇ ਲਈ ਭਾਰਤ ਸਰਕਾਰ ਵੀ ਲੰਬੇਂ ਸਮੇਂ ਤੋਂ ਕਦਮ ਚੁੱਕਦੀ ਰਹੀ ਹੈ ਪਰ ਹੁਣ ਪਲਾਸਟਿਕ ਦੇ ਖਤਰਿਆਂ ਨੂੰ ਦੇਖਦਿਆਂ ਭਾਰਤ ਨੂੰ ਵੀ ਆਸਟ੍ਰੇਲੀਆ ਜਿਹੀਆਂ ਕੋਸ਼ਿਸ਼ਾਂ ਕਰਨ ਦੀ ਲੋੜ ਹੈ।ਵੱਡੀ ਗੱਲ ਇਹ ਹੈ ਕਿ ਪਲਾਸਟਿਕ ਪਾਬੰਦੀ ਨੂੰ ਲੈ ਕੇ ਭਾਰਤ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ 'ਤੇ ਸਯੁੰਕਤ ਰਾਸ਼ਟਰ ਸੰਘ ਵੀ ਲਗਾਤਾਰ ਨਜ਼ਰ ਬਣਾਏ ਹੋਏ ਹੈ। 

ਸਾਲ 2018 ਦੇ ਅਖੀਰ ਵਿਚ ਆਸਟ੍ਰੇਲੀਆ ਦੀਆਂ ਦੋ ਸਭ ਤੋਂ ਵੱਡੀਆਂ ਸੁਪਰਮਾਰਕੀਟ ਚੇਨ ਵੂਲਵਰਥਸ ਐਂਡ ਕੋਲਸ ਨੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆਈ ਰਾਜਾਂ ਵਿਚ ਆਪਣੇ ਸਟੋਰ ਵਿਚ ਸਿੰਗਲ ਵਰਤੋਂ ਵਾਲੇ ਪਲਾਸਟਿਕ 'ਤੇ ਪਾਬੰਦੀ ਲਗਾ ਦਿੱਤੀ ਸੀ। ਆਸਟ੍ਰੇਲੀਆ ਨੇ ਆਪਣੇ ਪਹਿਲੇ ਪੜਾਅ ਵਿਚ ਰਾਸ਼ਟਰੀ ਦੀ ਬਜਾਏ ਖੇਤਰੀ ਪੱਧਰ 'ਤੇ ਹਲਕੇ ਪਲਾਸਟਿਕ ਬੈਗ 'ਤੇ ਰੋਕ ਲਗਾਈ। 2018 ਵਿਚ ਹੀ ਤਸਮਾਨੀਆ ਅਤੇ ਦੱਖਣੀ ਆਸਟ੍ਰੇਲੀਆ ਨੇ ਪਲਾਸਟਿਕ ਦੀਆਂ ਥੈਲੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਇਸ ਸਾਲ 2019 ਵਿਚ ਵਿਕਟੋਰੀਆ ਵਿਚ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ। ਗੌਰਤਲਬ ਹੈ ਕਿ ਨਿਊ ਸਾਊਥ ਵੇਲਜ਼ ਜੋ ਦੇਸ਼ ਦਾ ਸਭ ਤੋਂ ਸੰਘਣਾ ਆਬਾਦੀ ਵਾਲਾ ਰਾਜ ਹੈ ਉਸ ਵਿਚ ਪਲਾਸਟਿਕ ਪਾਬੰਦੀ ਨੂੰ ਲੈ ਕੇ ਸਰਕਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸੁਪਰ ਮਾਰਕੀਟ ਚੇਨ ਵੂਲਵਰਥਸ ਐਂਡ ਕੋਲਸ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਲਾਸਟਿਕ ਪਾਬੰਦੀ ਨੂੰ ਲੈ ਕੇ ਸ਼ੁਰੂ ਵਿਚ ਉਨ੍ਹਾਂ ਨੂੰ ਗਾਹਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੇ ਤੱਕ ਕਿ ਗੁੱਸੇ ਵਿਚ ਆਏ ਇਕ ਗਾਹਕ ਨੇ ਪਲਾਸਟਿਕ ਬੈਗ ਨਾ ਮਿਲਣ 'ਤੇ ਉਨ੍ਹਾਂ ਦੇ ਇਕ ਕਰਚਮਾਰੀ ਨੂੰ ਧਮਕੀ ਦਿੱਤੀ ਅਤੇ ਗਰਦਨ ਤੋਂ ਫੜ ਲਿਆ। ਫਿਰ ਹੌਲੀ-ਹੌਲੀ ਗਾਹਕਾਂ ਨੇ ਸਾਥ ਦੇਣਾ ਸ਼ੁਰੂ ਕਰ   ਦਿੱਤਾ। ਗਾਹਕਾਂ ਦੇ ਸਹਿਯੋਗ ਨਾਲ ਹੀ ਇਹ ਪਾਬੰਦੀ ਸਫਲ ਹੋ ਸਕੀ। 

ਨੈਸ਼ਨਲ ਰਿਟੇਲ ਐਸੋਸੀਏਸ਼ਨ ਵਿਚ ਉਦਯੋਗ ਨੀਤੀ ਦੇ ਪ੍ਰਬੰਧਕ ਡੇਵਿਡ ਰਿਟਾਊਟ ਨੇ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ 1.5 ਬਿਲੀਅਨ ਬੈਗਾਂ 'ਤੇ ਪਾਬੰਦੀ ਲਈ ਸਰਕਾਰ ਦੇ ਫੈਸਲਿਆਂ 'ਤੇ ਅਮਲ ਕਰਨਾ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਖਪਤਕਾਰਾਂ ਦੇ ਵਿਵਹਾਰ ਵਿਚ ਤਬਦੀਲੀ ਅਤੇ ਇਸ ਵਾਤਾਵਰਣੀ ਪਹਿਲ ਨੂੰ ਅਪਨਾਉਣ ਲਈ ਉਹ ਦੁਕਾਨਦਾਰਾਂ ਦੀ ਪ੍ਰਸ਼ੰਸਾ ਕਰਦੇ ਹਨ। ਆਸਟ੍ਰੇਲੀਆ ਨੇ ਪਲਾਸਟਿਕ ਦੇ ਕਚਰੇ ਨੂੰ ਰੋਕਣ ਵਿਚ ਵਚਨਬੱਧਤਾ ਜ਼ਾਹਰ ਕੀਤੀ ਹੈ। ਵੱਡੇ ਖੁਦਰਾ ਵਿਕਰੇਤਾ ਨੇ ਲੋਕਾਂ ਨੂੰ ਘਰੋਂ ਬੈਗ ਲਿਆਉਣ ਲਈ ਉਤਸ਼ਾਹਿਤ ਕਰਨ ਲਈ ਬਾਰ-ਬਾਰ ਵਰਤੋਂ ਵਿਚ ਲਿਆਈ ਜਾਣ ਵਾਲੀ ਪਲਾਸਟਿਕ 'ਤੇ ਚਾਰਜ ਲਗਾਉਣਾ ਸ਼ੁਰੂ ਕਰ ਦਿੱਤਾ ਹੈ। 

ਬ੍ਰਿਟੇਨ, ਫਰਾਂਸ, ਚੀਨ ਅਤੇ ਨੀਦਰਲੈਂਡ ਸਮੇਤ ਕਈ ਦੇਸ਼ਾਂ ਨੇ ਸਿੰਗਲ ਵਰਤੋਂ ਵਾਲੇ ਪਲਾਸਟਿਕ ਬੈਗ 'ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ। 'ਰੀਯੂਜ਼ ਦਿੱਸ ਬੈਗ' ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ਵਿਚ 18 ਅਫਰੀਕੀ ਦੇਸ਼ਾਂ ਸਮੇਤ ਘੱਟੋ-ਘੱਟ 32 ਦੇਸ਼ਾਂ ਵਿਚ ਪਲਾਸਟਿਕ ਬੈਗ ਦੀ ਵਰਤੋਂ 'ਤੇ ਪਾਬੰਦੀ ਹੈ। ਵਰਲਡ ਇਕਨੌਮਿਕ ਫੋਰਮ ਮੁਤਾਬਕ ਭਾਰਤ ਵਿਚ ਸਾਲਾਨਾ 56 ਲੱਖ ਟਨ ਪਲਾਸਟਿਕ ਕਚਰਾ ਪੈਦਾ ਹੁੰਦਾ ਹੈ। ਇਸ ਮਾਮਲੇ ਵਿਚ ਸੰਯੁਕਤ ਰਾਸ਼ਟਰ ਸੰਘ ਨੇ ਭਾਰਤ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਵਾਤਾਵਰਣ ਪ੍ਰਦੂਸ਼ਣ ਸਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਭਾਰਤ ਨੇ ਜਿਹੜੇ ਤਰੀਕੇ ਵਰਤੇ ਹਨ ਉਹ ਪ੍ਰਸ਼ੰਸਾਯੋਗ ਹਨ। ਇੱਥੇ ਦੱਸ ਦਈਏ ਕਿ ਭਾਰਤ ਸਰਕਾਰ ਨੇ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪਲਾਸਟਿਕ ਪ੍ਰਦੂਸ਼ਣ ਰੋਕਣ ਲਈ ਪਲਾਸਟਿਕ ਕੇਰੀ ਬੈਗ ਦੀ ਵਰਤੋਂ 'ਤੇ ਰੋਕ ਲਗਾਈ ਹੋਈ ਹੈ।

Vandana

This news is Content Editor Vandana