ਜੌਇਸ ਦੇ ਅਸਤੀਫੇ ਤੋਂ ਬਾਅਦ ਆਸਟ੍ਰੇਲੀਆ 'ਚ ਚੁਣਿਆ ਗਿਆ ਨਵਾਂ ਉੱਪ ਪ੍ਰਧਾਨ ਮੰਤਰੀ

02/26/2018 3:55:56 PM

ਸਿਡਨੀ— ਆਸਟ੍ਰੇਲੀਆ ਦੀ ਨੈਸ਼ਨਲ ਪਾਰਟੀ ਦੇ ਨੇਤਾ ਮਾਈਕਲ ਮੈਕਕੋਰਮੈਕ ਨੂੰ ਆਸਟ੍ਰੇਲੀਆ ਦਾ ਨਵਾਂ ਉੱਪ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਉੱਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਗਠਜੋੜ ਸਰਕਾਰ ਵਿਚ ਸਾਂਝੇਦਾਰੀ ਅਤੇ ਦੇਸ਼ ਦੀ ਨੈਸ਼ਨਲ ਪਾਰਟੀ ਦੇ ਨੇਤਾ ਨੂੰ ਆਸਟ੍ਰੇਲੀਆ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਦੇ ਅਸਤੀਫੇ ਤੋਂ ਬਾਅਦ ਨਵਾਂ ਉੱਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਜੌਇਸ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਨੇਤਾ ਅਤੇ ਕੈਬਨਿਟ ਮੰਤਰੀ ਦੇ ਤੌਰ 'ਤੇ ਅਸਤੀਫਾ ਦੇ ਦਿੱਤਾ। ਜੌਇਸ ਨੇ ਸੰਸਦ ਤੋਂ ਅਸਤੀਫਾ ਨਹੀਂ ਦਿੱਤਾ, ਤਾਂ ਕਿ ਪ੍ਰਤੀਨਿਧੀ ਸਭਾ 'ਚ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੂੰ ਪ੍ਰਾਪਤ ਇਕ ਸੀਟ ਦਾ ਬਹੁਮਤ ਕਾਇਮ ਰਹੇ।


ਦੱਸਣਯੋਗ ਹੈ ਕਿ ਬਾਰਨਬਾਏ ਜੌਇਸ ਨੂੰ ਆਪਣੀ ਸਾਬਕਾ ਮੀਡੀਆ ਸਕੱਤਰ ਨਾਲ ਪ੍ਰੇਮ ਸੰਬੰਧਾਂ 'ਤੇ ਵਿਵਾਦ ਮਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ 'ਤੇ ਮਜ਼ਬੂਰ ਹੋਣਾ ਪਿਆ। ਉਨ੍ਹਾਂ ਦੀ ਸਾਬਕਾ ਮੀਡੀਆ ਸਕੱਤਰ ਉਨ੍ਹਾਂ ਦੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਜੌਇਸ ਨੇ ਆਪਣੇ ਪ੍ਰੇਮ ਸੰਬੰਧਾਂ ਨੂੰ ਮਨਜ਼ੂਰ ਕੀਤਾ। ਵਿਆਹ ਦੇ 24 ਸਾਲ ਬਾਅਦ ਉਹ ਆਪਣੀ ਪਤਨੀ ਤੋਂ ਵੱਖ ਹੋ ਗਏ। ਉਨ੍ਹਾਂ ਦੀਆਂ 4 ਧੀਆਂ ਹਨ। 


ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਸਰਕਾਰ ਵਿਚ ਲਿਬਰਲ ਅਤੇ ਨੈਸ਼ਨਲ ਪਾਰਟੀ ਵਿਚਕਾਰ ਗਠਜੋੜ ਹੈ। ਉੱਪ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ 53 ਸਾਲਾ ਮੈਕਕੋਰਮੈਕ ਨੇ ਕੈਨਬਰਾ ਵਿਚ ਮੀਡੀਆ ਨੂੰ ਕਿਹਾ, ''ਮੈਂ ਆਪਣੀਆਂ ਕੋਸ਼ਿਸ਼ਾਂ ਨਾਲ ਮੈਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ, ਵਿਸ਼ਵਾਸ ਅਤੇ ਭਰੋਸੇ ਨੂੰ ਕਾਇਮ ਰੱਖਾਂਗਾ। ਮੈਕਕੋਰਮੈਕ ਦੀ ਨਿਯੁਕਤੀ ਨਾਲ ਸਰਕਾਰ ਉੱਪਰੋਂ ਜੌਇਸ ਦੇ ਪ੍ਰੇਮ ਸੰਬੰਧਾਂ ਤੋਂ ਬਾਅਦ ਪਿਆ ਦਬਾਅ ਘੱਟ ਹੋ ਗਿਆ ਹੈ। ਜੌਇਸ ਦੇ ਪ੍ਰੇਮ ਸੰਬੰਧਾਂ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਸੀ।