ਸਨਕੀ ਔਰਤ ਨੇ ਤਲਾਕ ਲਈ ਖਰਚੇ 40 ਮਿਲੀਅਨ ਡਾਲਰ

04/10/2019 3:14:10 PM

ਸਿਡਨੀ, (ਏਜੰਸੀ)— ਆਸਟ੍ਰੇਲੀਆ 'ਚ ਹੋਏ ਸਭ ਤੋਂ ਮਹਿੰਗੇ ਤਲਾਕ ਦਾ ਜ਼ਿਕਰ ਹਰੇਕ ਦੀ ਜ਼ੁਬਾਨ 'ਤੇ ਹੈ। ਅਸਲ 'ਚ 14 ਸਾਲਾਂ ਤਕ ਇਹ ਤਲਾਕ ਦਾ ਕੇਸ ਚੱਲਦਾ ਰਿਹਾ, ਜਿਸ ਲਈ ਸਨਕੀ ਔਰਤ ਨੇ ਮੋਟੀ ਰਕਮ ਵੀ ਖਰਚ ਕੀਤੀ। ਜਾਣਕਾਰੀ ਮੁਤਾਬਕ ਉਸ ਨੇ ਕੇਸ 'ਚ ਲੱਗੇ 16 ਕਾਨੂੰਨ ਫਰਮਾਂ ਨੂੰ ਉਸ ਨੇ 40 ਮਿਲੀਅਨ ਡਾਲਰ ਦਿੱਤੇ। ਉਸ ਦਾ ਕੇਸ ਲਗਭਗ 5000 ਦਿਨਾਂ ਤਕ ਚੱਲਿਆ। ਕੋਈ ਵੀ ਵਿਅਕਤੀ ਅਦਾਲਤ ਦੇ ਚੱਕਰ ਕੱਟਦਾ ਹੋਇਆ ਇਕ-ਦੋ ਸਾਲਾਂ 'ਚ ਬੁਰੀ ਤਰ੍ਹਾਂ ਥੱਕ ਜਾਂਦਾ ਹੈ ਪਰ ਇਸ ਔਰਤ ਨੇ 14 ਸਾਲਾਂ ਤਕ ਹਾਰ ਨਾ ਮੰਨੀ। ਕਾਨੂੰਨੀ ਕਾਰਨਾਂ ਕਰਕੇ ਇਸ ਜੋੜੇ ਦੀ ਪਛਾਣ ਜਾਰੀ ਨਹੀਂ ਕੀਤੀ ਗਈ।


ਵਕੀਲਾਂ ਨੇ ਦੱਸਿਆ ਕਿ ਤਲਾਕ ਦੇ ਕੇਸ 'ਚ ਦੇਰੀ ਹੋਣ ਦਾ ਕਾਰਨ ਸਨਕੀ ਪਤਨੀ ਹੀ ਰਹੀ। ਉਨ੍ਹਾਂ ਦੱਸਿਆ ਕਿ ਔਰਤ ਨੇ ਕਲੇਮ ਕੀਤਾ ਸੀ ਕਿ ਉਸ ਦਾ ਪਤੀ ਜਾਇਦਾਦ ਬਾਰੇ ਜਾਣਕਾਰੀ ਛੁਪਾ ਰਿਹਾ ਹੈ। ਪਤਨੀ ਚਾਹੁੰਦੀ ਸੀ ਕਿ ਉਸ ਨੂੰ 2,78,000 ਡਾਲਰ ਹਰ ਮਹੀਨੇ ਦਿੱਤੇ ਜਾਣ। ਹਾਲਾਂਕਿ ਅਦਾਲਤ ਨੇ ਕਿਹਾ ਕਿ ਉਸ ਨੂੰ ਹਰ ਮਹੀਨੇ 26,000 ਡਾਲਰ ਦਿੱਤੇ ਜਾਣਗੇ। ਔਰਤ ਦਾ ਕਹਿਣਾ ਹੈ ਕਿ ਉਹ ਹਰ ਹਫਤੇ ਲਗਭਗ 1560 ਡਾਲਰ ਆਪਣੇ ਵਾਲਾਂ, ਕੱਪੜਿਆਂ ਅਤੇ ਸ਼ੂਜ਼ ਲਈ , 615 ਡਾਲਰ ਤੋਹਫੇ ਦੇਣ ਅਤੇ ਵਾਲਾਂ ਤੇ ਕਾਸਮੈਟਿਕ ਲਈ 1573 ਡਾਲਰ ਖਰਚ ਦਿੰਦੀ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ 12 ਮਿਲੀਅਨ ਡਾਲਰ ਦੀ ਪ੍ਰਾਪਰਟੀ 'ਚੋਂ ਵੀ ਹਿੱਸਾ ਲੈ ਚੁੱਕੀ ਹੈ। ਅਦਾਲਤ ਨੇ ਉਸ ਨੂੰ ਕਿਹਾ ਸੀ ਕਿ ਉਹ ਪਤੀ ਦੀਆਂ ਉਨ੍ਹਾਂ ਕੰਪਨੀਆਂ ਤੋਂ ਕਲੇਮ ਹਟਾ ਲਵੇ ਜੋ ਦੁਨੀਆ 'ਚ ਸਥਾਪਤ ਹਨ। ਇਸ ਦੇ ਬਦਲੇ ਉਸ ਨੂੰ ਹਰ ਮਹੀਨੇ 2 ਮਿਲੀਅਨ ਕੈਸ਼, 5 ਪ੍ਰਾਪਰਟੀਆਂ ਜਿਨ੍ਹਾਂ ਦੀ ਕੀਮਤ ਲਗਭਗ 8 ਮਿਲੀਅਨ ਡਾਲਰ ਹੈ ਅਤੇ 1 ਮਿਲੀਅਨ ਡਾਲਰ ਦੇ ਕੰਪਨੀ ਸ਼ੇਅਰ ਮਿਲਣਗੇ। ਉਸ ਨੇ ਅਦਾਲਤ 'ਚ 3 ਵਾਰ ਇਹ ਹੀ ਅਪੀਲ ਕੀਤੀ ਕਿ ਉਸ ਦਾ ਪਤੀ ਕਾਫੀ ਜਾਇਦਾਦ ਛੁਪਾ ਰਿਹਾ ਹੈ ਪਰ ਕਿਸੇ ਵੀ ਅਦਾਲਤ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਬਾਅਦ 'ਚ ਔਰਤ ਨੇ 15 ਮਿਲੀਅਨ ਦਾ ਕੈਸ਼ , ਸ਼ੇਅਰ ਅਤੇ ਜਾਇਦਾਦ ਲੈ ਕੇ ਗੱਲ ਖਤਮ ਕਰ ਦਿੱਤੀ।