ਆਸਟ੍ਰੇਲੀਆ 'ਚ ਇਕ ਸ਼ਖਸ ਨੂੰ ਲੱਭਾ 2 ਕਿਲੋ ਸੋਨਾ
Saturday, Jul 27, 2019 - 03:29 PM (IST)

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ ਵਿਅਕਤੀ ਨੂੰ 2 ਕਿਲੋ ਸੋਨਾ ਮਿਲਿਆ। ਇਸ ਦੀ ਕੀਮਤ ਲਗਭਗ 1,30,000 ਡਾਲਰ ਹੈ। ਵਿਅਕਤੀ ਨੇ ਦੱਸਿਆ ਕਿ ਉਸ ਨੂੰ ਬਾਲਾਰਾਟ ਦੇ ਇਕ ਇਲਾਕੇ 'ਚ ਖੋਜ ਦੌਰਾਨ ਇਹ ਸੋਨਾ ਮਿਲਿਆ। ਉਸ ਨੇ ਦੱਸਿਆ ਕਿ ਜੂਨ ਦੇ ਅਖੀਰ 'ਚ ਉਸ ਨੇ ਖੋਜ ਕੀਤੀ ਸੀ। ਵਿਅਕਤੀ ਨੂੰ 1,60,000 ਡਾਲਰ ਦੇ ਆਫਰ ਵੀ ਮਿਲ ਰਹੇ ਹਨ। ਇਸ ਵਿਅਕਤੀ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ।
ਇਕ ਵਪਾਰੀ ਨੇ ਦੱਸਿਆ ਕਿ ਜਦ ਵਿਅਕਤੀ ਨੇ ਲੱਭੇ ਹੋਏ ਸੋਨੇ ਦੀ ਗੱਲ ਕੀਤੀ ਤਾਂ ਉਸ ਸਮੇਂ ਉਹ ਬੁਰੀ ਤਰ੍ਹਾਂ ਕੰਬ ਰਿਹਾ ਸੀ। ਵਿਅਕਤੀ ਨੇ ਕੰਬਦਿਆਂ ਹੋਇਆਂ ਸੋਨੇ ਦੀ ਡਲੀ ਵਪਾਰੀ ਨੂੰ ਦਿਖਾਈ ਅਤੇ ਦੱਸਿਆ ਕਿ ਉਸ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਕੀ ਕਰੇ ਅਤੇ ਉਹ 3 ਦਿਨਾਂ ਤੋਂ ਸੌਂ ਵੀ ਨਹੀਂ ਸਕਿਆ। ਵਪਾਰੀ ਨੇ ਦੱਸਿਆ ਕਿ ਉਹ 25 ਸਾਲਾਂ ਤੋਂ ਇਸ ਕੰਮ 'ਚ ਹੈ ਪਰ ਇਹ ਸੋਨਾ ਵੱਖਰੇ ਆਕਾਰ ਤੇ ਖਾਸ ਦਿਖਾਈ ਦੇਣ ਵਾਲਾ ਲੱਗ ਰਿਹਾ ਹੈ। ਉਸ ਵਿਅਕਤੀ ਨੇ ਕਿਸੇ ਨੂੰ ਵੀ ਉਸ ਸਥਾਨ ਬਾਰੇ ਨਹੀਂ ਦੱਸਿਆ ਕਿਉਂਕਿ ਉਹ ਦੋਬਾਰਾ ਇੱਥੇ ਖੋਜ ਕਰਨ ਬਾਰੇ ਵਿਚਾਰ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਈ ਮਹੀਨੇ ਇਕ ਵਿਅਕਤੀ ਨੂੰ 624 ਗ੍ਰਾਮ ਸੋਨਾ ਲੱਭਾ ਸੀ, ਜਿਸ ਦੀ ਕੀਮਤ 35,000 ਡਾਲਰ ਬਣੀ। ਪਿਛਲੇ ਸਾਲ ਸਤੰਬਰ ਮਹੀਨੇ ਵੀ ਇਕ ਵਿਅਕਤੀ ਨੂੰ ਸੋਨਾ ਲੱਭਿਆ ਸੀ, ਜਿਸ ਦੀ ਕੀਮਤ 1,10,000 ਡਾਲਰ ਸੀ।