ਆਸਟ੍ਰੇਲੀਆ ਵਾਸੀਆਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ‘ਖਾਲਸਾ ਏਡ’ ਨੂੰ ਦਿੱਤੇ 14885 ਡਾਲਰ

08/30/2019 2:14:26 PM

ਸਿਡਨੀ (ਸਨੀ ਚਾਂਦਪੁਰੀ)- ਜਿੱਥੇ ਵੀ ਕਿਤੇ ਮਨੁੱਖਤਾ 'ਤੇ ਭਾਰੀ ਪੈਂਦੀ ਹੈ 'ਖਾਲਸਾ ਏਡ' ਧਰਮ, ਜਾਤ-ਪਾਤ ਅਤੇ ਰੰਗ-ਭੇਦ ਦੇ ਭੇਦ ਭਾਵ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਸੇਵਾ ਲਈ ਗੁਰੂ ਸਾਹਿਬ ਦੇ ਬੋਲਾਂ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” 'ਤੇ ਅਮਲ ਕਰਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੀ ਹੈ ।ਪੰਜਾਬ ਵਿੱਚ ਆਏ ਹੜ੍ਹ ਕਾਰਨ ਪੰਜਾਬ ਦੇ ਲੋਕਾਂ ਤੇ ਪਈ ਇਸ ਸੰਕਟ ਵਿੱਚ ਵੀ ਖਾਲਸਾ ਏਡ ਨਾਲ ਜੁੜੇ ਲੋਕ ਪੀੜਤ ਲੋਕਾਂ ਦੀ ਸੇਵਾ ਕਰ ਰਹੇ ਹਨ । ਇਸ ਮੌਕੇ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਬਲੈਕਟਾਊਨ ਵਿਖੇ ਆਸਟ੍ਰੇਲੀਆ ਵਾਸੀ ਪੰਜਾਬੀ ਭਾਈਚਾਰੇ ਦੇ ਲੋਕ ਜੋ ਕਿ ਖਾਲਸਾ ਏਡ ਨਾਲ ਜੁੜੇ ਹੋਏ ਹਨ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ । 

ਇਸ ਮੌਕੇ ਆਸਟ੍ਰੇਲੀਆ ਵੱਸਦੇ ਪੰਜਾਬੀਆਂ ਵੱਲੋਂ ਪੰਜਾਬ ਚ ਆਏ ਹੜ੍ਹ ਪੀੜਤਾਂ ਲਈ 14885 ਡਾਲਰ ਖਾਲਸਾ ਏਡ ਨੂੰ ਵਿੱਤੀ ਮਦਦ ਵਜੋਂ ਦਿੱਤੇ ਗਏ । ਖਾਲਸਾ ਏਡ ਦੇ ਮੁਖੀ ਰਵੀ ਸਿੰਘ ਜੀ ਜਿਹਨਾਂ ਨੇ ਖਾਲਸਾ ਏਡ 1999 ਵਿੱਚ ਸ਼ੁਰੂ ਕੀਤੀ, ਦੀ ਸੋਚ ਅਤੇ ਮਾਨਵਤਾ ਦੀ ਸੇਵਾ ਲਈ ਸਮਰਪਿਤ ਭਾਵਨਾ ਸ਼ਲਾਘਾ ਯੋਗ ਕਦਮ ਹੈ । ਅਮਰਪ੍ਰੀਤ ਸਿੰਘ ਜੋ ਕਿ ਇੰਡੀਆ ਵਿੱਚ ਖਾਲਸਾ ਏਡ ਵੱਲੋਂ ਸੇਵਾ ਕਰ ਰਹੇ ਹਨ ਨੇ ਵੀਡੀਓ ਰਾਹੀਂ ਆਸਟ੍ਰੇਲੀਆ ਵਿੱਚ ਹੋਏ ਇਸ ਪ੍ਰੋਗਰਾਮ ਨਾਲ ਰਾਬਤਾ ਕਾਇਮ ਕੀਤਾ । 

ਇਸ ਮੌਕੇ ਦੇਵ ਸਿੱਧੂ ਵੱਲੋਂ ਇਸ ਪ੍ਰੋਗਰਾਮ ਵਿੱਚ ਪਹੁੰਚੇ ਖਾਲਸਾ ਏਡ ਦੇ ਨੁਮਾਇੰਦਿਆਂ ਦੀ ਨਿਸ਼ਕਾਮ ਸੇਵਾ ਦੀ ਜਿੱਥੇ ਸ਼ਲਾਘਾ ਕੀਤੀ ਗਈ ਉੱਥੇ ਹੀ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਦਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ ਸਾਰੇ ਖਾਲਸਾ ਏਡ ਤੋਂ ਅਤੇ ਦੇਵ ਸਿੱਧੂ , ਜਗਜੀਤ ਭੁੱਲਰ, ਹਰਜਿੰਦਰ ਸਿੰਘ ਲੱਕੀ, ਨਵਨੀਤ ਸਿੰਘ, ਨਮਨੀਤ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਮੌਜੂਦ ਸਨ ।

Vandana

This news is Content Editor Vandana