ਪ੍ਰਵਾਸੀ ਕਾਮਿਆਂ ਲਈ ਆਸਟ੍ਰੇਲੀਆ ਖੋਲ੍ਹੇਗਾ ਦਰਵਾਜ਼ੇ

12/13/2018 3:02:23 PM

ਮੈਲਬੋਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆਈ ਸਰਕਾਰ ਪ੍ਰਭਾਵਿਤ ਖੇਤਰੀ ਇਲਾਕਿਆਂ ਵਿੱਚ ਮਜ਼ਦੂਰਾਂ ਦੀ ਘਾਟ ਪੂਰੀ ਕਰਨ ਲਈ ਪ੍ਰਵਾਸੀ ਕਾਮਿਆਂ ਲਈ ਦਰਵਾਜ਼ੇ ਖੋਲ੍ਹਣ ਜਾ ਰਹੀ ਹੈ।ਨਵੇਂ ਡੇਜ਼ੀਗਨੇਸ਼ਨ ਏਰੀਆ ਮਾਈਗ੍ਰੇਸ਼ਨ ਸਮਝੌਤੇ ਤਹਿਤ ਆਸਟ੍ਰੇਲੀਆ ਦੇ ਨਾਰਦਰਨ ਟੈਰੀਟਰੀ ਅਤੇ ਵਿਕਟੋਰੀਆ ਸੂਬੇ ਦੇ ਦੱਖਣ-ਪੱਛਮ ਵਿੱਚ ਸਥਿਤ ਵਾਰਨਾਬੂਲ ਇਲਾਕੇ ਵਿੱਚ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਡੇਅਰੀ ਅਤੇ ਹੋਰ ਕੰਮ ਧੰਦਿਆਂ ਵਿੱਚ ਸਹਾਇਤਾ ਲਈ ਵਿਦੇਸ਼ੀ ਕਾਮਿਆਂ ਨੂੰ ਬੁਲਾਇਆ ਜਾ ਸਕੇਗਾ ।
ਇਹ ਸਮਝੌਤਾ ਅੰਗਰੇਜ਼ੀ ਭਾਸ਼ਾ ਵਿੱਚ ਘੱਟ ਮੁਹਾਰਤ ਰੱਖਣ ਵਾਲੇ ਕਾਮਿਆਂ ਲਈ ਲਾਹੇਵੰਦ ਹੋਵੇਗਾ ਪਰ ਸਥਾਈ ਰਿਹਾਇਸ਼ (ਪੀ.ਆਰ) ਪ੍ਰਾਪਤ ਕਰਨ ਲਈ ਯੋਗ ਪ੍ਰਵਾਸੀ ਕਾਮਿਆਂ ਨੂੰ ਇਨ੍ਹਾਂ ਖੇਤਰਾਂ ਵਿੱਚ ਤਿੰਨ ਤੋਂ ਪੰਜ ਸਾਲ ਤੱਕ ਕੰਮ ਕਰਨ ਤੋਂ ਇਲਾਵਾ ਹੋਰ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ।ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਮੁਤਾਬਕ ਸਰਕਾਰ ਪ੍ਰਭਾਵਿਤ ਪੇਂਡੂ ਖੇਤਰਾਂ ਵਿੱਚ ਬਿਹਤਰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯੋਜਨਾਵਾਂ ਉਲੀਕ ਰਹੀ ਹੈ।

ਹਾਲਾਂਕਿ ਇਸ ਸਮਝੌਤੇ ਤਹਿਤ ਆਸਟ੍ਰੇਲੀਆਈ ਸਰਕਾਰ ਖੇਤਰੀ ਇਲਾਕਿਆਂ ਨੂੰ ਆਬਾਦ ਕਰਨ ਦੇ ਬਦਲ (ਆਪਸ਼ਨ) ਵਜੋਂ ਵੀ ਵੇਖ ਰਹੀ ਹੈ।ਪ੍ਰਵਾਸੀ ਕਾਮਿਆਂ ਦੀ ਆਮਦ ਨਾਲ ਜਿੱਥੇ ਸਥਾਨਕ ਕਾਰੋਬਾਰ ਨੂੰ ਹੁਲਾਰਾ ਮਿਲੇਗਾ, ਉੱਥੇ ਦੇਸ਼ ਦੀ ਅਰਥ ਵਿਵਸਥਾ ਨੂੰ ਹੋਰ ਮਜ਼ਬੂਤੀ ਮਿਲੇਗੀ। ਪੱਛਮੀ ਆਸਟ੍ਰੇਲੀਆ ਦੇ ਪਿਲਬਰਾ ਅਤੇ ਕਾਲਗੁਰਲੀ-ਬੋਇਲਡਰ ਖੇਤਰ, ਕੁਈਨਜ਼ਲੈਂਡ ਦੇ ਕੇਨਜ਼ ਅਤੇ ਨਿਊ ਸਾਊਥ ਵੇਲਜ਼ ਸੂਬੇ ਦੇ ਓਰਾਨਾ ਖੇਤਰ ਵਿੱਚ ਵੀ ਪ੍ਰਵਾਸੀ ਕਾਮਿਆਂ ਨੂੰ ਬੁਲਾਉਣ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ।