ਆਸਟ੍ਰੇਲੀਆ : ਗ੍ਰੈਨਵਿਲੇ ਟ੍ਰੇਨ ਹਾਦਸੇ ਦੀ 44ਵੀਂ ਵਰ੍ਹੇਗੰਢ, ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ

01/18/2021 5:59:27 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਗ੍ਰੈਨਵਿਲੇ ਵਿਖੇ ਅੱਜ ਦੇ ਦਿਨ ਮਤਲਬ 18 ਜਨਵਰੀ, 1977 ਨੂੰ ਇਕ ਭਿਆਨਕ ਰੇਲਗੱਡੀ ਹਾਦਸਾ ਵਾਪਰਿਆ ਸੀ। ਇਸ ਰੇਲਗੱਡੀ ਹਾਦਸੇ ਵਿਚ 84 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ਅਤੇ 213 ਲੋਕ ਜ਼ਖ਼ਮੀ ਹੋਏ ਸਨ। ਇਹ ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਹਾਦਸਾ ਸੀ, ਜਿਸ ਵਿਚ ਕਿ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਸੀ।ਇਸ ਹਾਦਸੇ ਦੀ 44ਵੀਂ ਵਰ੍ਹੇਗੰਢ ਮਨਾਉਂਦਿਆਂ ਸੜਕ ਆਵਾਜਾਈ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਉਕਤ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਘੜੀ ਸੀ ਜਦੋਂ 44 ਸਾਲ ਪਹਿਲਾਂ ਇਸ ਹਾਦਸੇ ਦੌਰਾਨ ਕਈ ਲੋਕ ਮਾਰੇ ਗਏ। ਅੱਜ ਅਸੀਂ ਇਕ ਵਾਰ ਫਿਰ ਇਸ ਹਾਦਸੇ ਵਿਚ ਮਾਰੇ ਅਤੇ ਜ਼ਖਮੀ ਹੋਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਭਵਿੱਖ ਵਿਚ ਅਜਿਹੇ ਹਾਦਸੇ ਨਾ ਹੋਣ, ਇਸ ਲਈ ਵਚਨਬੱਧ ਹਾਂ। ਅਸੀਂ ਰੇਲ ਕਰਮਚਾਰੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇਸ ਹਾਦਸੇ ਸਮੇਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਬਚਾਇਆ, ਜ਼ਖ਼ਮੀਆਂ ਨੂੰ ਸਮਾਂ ਰਹਿੰਦਿਆਂ ਹਸਪਤਾਲ ਪਹੁੰਚਾਇਆ। 

ਪੈਰਾਮਾਟਾ ਤੋਂ ਐਮ.ਪੀ. ਜਿਓਫ ਲੀ ਨੇ ਕਿਹਾ ਕਿ ਉਕਤ ਹਾਦਸਾ ਬਹੁਤ ਜ਼ਆਦਾ ਗੰਭੀਰ ਅਤੇ ਦਰਦਨਾਕ ਸੀ। ਇਸ ਲਈ ਸਾਰਿਆਂ ਨੂੰ ਹੀ ਖੇਦ ਰਹੇਗਾ। ਚਾਰ ਸਾਲ ਪਹਿਲਾਂ ਰਾਜ ਸਰਕਾਰ ਨੇ ਵੀ ਇਸ ਹਾਦਸੇ 'ਤੇ ਡੂੰਘਾ ਦੁੱਖ ਜਤਾਇਆ ਸੀ ਅਤੇ ਜਨਤਕ ਤੌਰ 'ਤੇ ਇਸ ਲਈ ਮੁਆਫੀਨਾਮਾ ਵੀ ਜਾਰੀ ਕੀਤਾ ਸੀ ਪਰ ਹਾਲੇ ਵੀ ਅਸੀਂ ਉਸ ਦਰਦ ਵਿਚ ਪੂਰੇ ਸ਼ਰੀਕ ਹਾਂ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ। 

ਇਸ ਦੁਰਘਟਨਾ ਨਾਲ ਸਬੰਧਤ ਜੱਥੇਬੰਦੀ ਨੇ ਕੰਬਰਲੈਂਡ ਕੌਂਸਲ ਨਾਲ ਮਿਲ ਕੇ ਅੱਜ ਦੇ ਦਿਹਾੜੇ ਨੂੰ ਮਨਾਇਆ ਅਤੇ ਰੇਲਵੇ ਟ੍ਰੈਕ 'ਤੇ 84 ਫੁੱਲ ਵਿਛਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।

ਕਾਰਜਕਾਰੀ ਵਧੀਕ ਸਕੱਤਰ (ਗ੍ਰੇਟਰ ਸਿਡਨੀ) ਹੋਵਾਰਡ ਕੋਲਿਨਜ਼ ਅਤੇ ਸਿਡਨੀ ਟ੍ਰੇਨਾਂ ਦੇ ਕਾਰਜਕਾਰੀ ਮੁੱਖੀ ਸੁਜ਼ੇਨ ਹੋਲਡਨ ਨੇ ਇਸ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਹਾਲੇ ਵੀ ਉਸ ਦੁਰਘਟਨਾ ਨੂੰ ਯਾਦ ਕਰਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਪਰ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਕਤ ਘਟਨਾ ਤੋਂ ਬਾਅਦ ਸਰਕਾਰ ਨੇ ਬਹੁਤ ਸਾਰੇ ਅਜਿਹੇ ਕਦਮ ਚੁੱਕੇ, ਜਿਨ੍ਹਾਂ ਰਾਹੀਂ ਕਿ ਬਹੁਤ ਸਾਰੀਆਂ ਦੁਰਘਟਨਾਵਾਂ ਨੂੰ ਟਾਲ਼ਿਆ ਜਾ ਸਕਿਆ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana