ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਸਰਕਾਰ ਵਲੋਂ ਮਿਲਿਆ ਵਿਰਾਸਤੀ ਸਥਾਨ ਦਾ ਦਰਜਾ

10/23/2020 3:09:29 PM

ਮੈਲਬੌਰਨ, (ਮਨਦੀਪ ਸਿੰਘ ਸੈਣੀ/ ਸੰਨੀ ਚਾਂਦਪੁਰੀ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿਚ ਵਲਗੂਲਗਾ ਵਿਖੇ ਸਥਾਪਤ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਨੂੰ ਸੂਬੇ ਦੀ ਸਰਕਾਰ ਵਲੋਂ ਵਿਰਾਸਤੀ ਲੜੀ ਵਿਚ ਸ਼ਾਮਲ ਕਰ ਲਿਆ ਗਿਆ ਹੈ। 1960 ਵਿਚ ਵਲਗੂਲਗਾ ਦੇ ਤਿੰਨ ਸਿੱਖਾਂ ਵਲੋਂ ਭਾਈਚਾਰੇ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਗੁਰੂ ਘਰ ਦੀ ਸਥਾਪਨਾ ਕੀਤੀ ਗਈ ਸੀ। 

ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅੱਧੀ ਸਦੀ ਬਾਅਦ ਇਸ ਗੁਰਦੁਆਰਾ ਸਾਹਿਬ ਨੂੰ ਸਰਕਾਰ ਵਲੋਂ ਵਿਰਾਸਤੀ ਜਗ੍ਹਾ ਵਜੋਂ ਮਾਨਤਾ ਦਿੱਤੀ ਜਾਵੇਗੀ। ਪਿਛਲੇ ਹਫਤੇ ਹੀ ਕਾਫਸ ਹਾਰਬਰ ਨੇੜੇ ਸਥਿਤ ਆਸਟ੍ਰੇਲੀਆ ਦੇ ਇਸ ਪਹਿਲੇ ਗੁਰੂ ਘਰ ਨੂੰ ਸੂਬਾ ਸਰਕਾਰ ਵਲੋਂ ਸੂਬੇ ਦੇ ਵਿਰਾਸਤੀ ਰਜਿਸਟਰ ਵਿਚ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਸੂਬੇ ਦੇ ਵਿਰਾਸਤ ਮੰਤਰੀ ਨੇ ਕਿਹਾ ਕਿ “ਨਿਊ ਸਾਊਥ ਵੇਲਜ਼ ਸੂਬੇ ਵਿਚ ਉਸ ਸਮੇਂ ਪੱਕੇ ਤੌਰ 'ਤੇ ਵਸਣ ਆਏ ਪ੍ਰਵਾਸੀ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਸਥਾਪਿਤ ਇਸ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਸੱਭਿਆਚਾਰਕ ਇਤਿਹਾਸ ਹੈ।”

PunjabKesari
ਗੁਰਦੁਆਰਾ ਸਾਹਿਬ ਦੇ ਜਨਤਕ ਅਫਸਰ ਅਮਨਦੀਪ ਸਿੰਘ ਸਿੱਧੂ ਨੇ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਵਸਣ ਵਾਲੇ ਸਿੱਖ ਭਾਈਚਾਰੇ ਲਈ ਇਸਨੂੰ ਇਕ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਅਸਲ ਵਿਚ ਗੁਰਦੁਆਰਾ ਸਾਹਿਬ ਦੀ 1968 ਵਿੱਚ ਬਣੀ ਇਮਾਰਤ ਨੂੰ ਵਿਰਾਸਤੀ ਲੜੀ ਵਿਚ ਸ਼ਾਮਲ ਕਰਨ ਲਈ ਪਹਿਲ ਕੀਤੀ ਗਈ ਸੀ ਪਰ ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਅਤੇ ਬਾਕੀ ਖੇਤਰ ਨੂੰ ਵੀ ਵਿਰਾਸਤੀ ਥਾਂ ਦਾ ਦਰਜਾ ਦੇ ਦਿੱਤਾ ਗਿਆ। ਅਮਨਦੀਪ ਸਿੰਘ ਸਿੱਧੂ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਾਰੇ 2013 ਤੋਂ ਹੀ ਅਰਜ਼ੀ ਦਿੱਤੀ ਗਈ ਸੀ ਅਤੇ ਸਰਕਾਰ ਵਲੋਂ ਇਸਦੀ ਇਤਿਹਾਸਿਕ ਮਹੱਤਤਾ , ਭਾਈਚਾਰੇ ਦੀ ਭਰੋਸੇਯੋਗਤਾ, ਇਸ ਸਾਰੇ ਖੇਤਰ ਅਤੇ ਇਮਾਰਤ ਦਾ ਜਾਇਜ਼ਾ ਲੈਣ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਅਜਿਹਾ ਸੰਭਵ ਹੋਇਆ ਹੈ।

ਕਾਫਸ ਹਾਰਬਰ ਤੋਂ ਆਸਟ੍ਰੇਲੀਆ ਦੇ ਪਹਿਲੇ ਸਿੱਖ ਸੰਸਦੀ ਮੈਂਬਰ ਗੁਰਮੇਸ਼ ਸਿੰਘ ਨੇ ਇਸ ਮੌਕੇ ਕਿਹਾ ਕਿ ਗੁਰੂਦੁਆਰਾ ਸਾਹਿਬ ਦਾ ਵਿਰਾਸਤੀ ਲੜੀ ਵਿੱਚ ਸ਼ਾਮਿਲ ਹੋਣਾ ਸਾਡੇ ਇਲਾਕੇ ਅਤੇ ਭਾਈਚਾਰੇ ਲਈ ਮਾਣ ਵਾਲੇ ਪਲ ਹਨ। 

ਇਸ ਦੇ ਇਤਿਹਾਸ ਉੱਤੇ ਰੋਸ਼ਨੀ ਪਾਉਂਦਿਆਂ ਅਮਨਦੀਪ ਸਿੱਧੂ ਦੱਸਦੇ ਹਨ ਇਸ ਖੇਤਰ ਵਿੱਚ ਸਾਡਾ ਭਾਈਚਾਰਾ 1940-50ਵਿਆਂ ਦੌਰਾਨ ਇੱਥੇ ਵਸਣਾ ਸ਼ੁਰੂ ਹੋ ਗਿਆ ਸੀ ਅਤੇ ਪੰਜਾਬ ਤੋਂ ਆਉਣ ਵਾਲੇ ਜਿਆਦਾਤਰ ਲੋਕ ਕਿਸਾਨ ਸਨ। ਲੋਕਾਂ ਨੂੰ ਮਹੀਨੇ ਬਾਅਦ ਅਧਿਆਤਕਮਕ ਜਾਂ ਸੱਭਿਆਚਾਰਕ  ਲੋੜਾਂ ਹਿੱਤ ਇਕੱਠੇ ਹੋਣ ਦੀ ਘਾਟ ਰੜਕਦੀ ਰਹਿੰਦੀ ਸੀ। ਇਸ ਲਈ ਕਈ ਵਾਰ ਉਹਨਾਂ ਨੂੰ 250 ਕਿ.ਮੀ ਦੂਰ ਬਾਬਾ ਰਾਮ ਸਿੰਘ ਦੇ ਬੰਗਲੇ ਤੇ ਜਾਣਾ ਪੈਂਦਾ ਸੀ ਕਿਓਂਕਿ ਉਹਨਾਂ ਨੇ ਆਪਣੇ ਘਰ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਭਾਈਚਾਰਕ ਰੂਪ ਵਿੱਚ ਉੱਥੇ ਪਾਠ ਅਤੇ ਅਰਦਾਸ ਕੀਤੀ ਜਾਂਦੀ ਸੀ। 25 ਸਾਲ ਤੱਕ ਲਗਾਤਾਰ ਇਹੀ ਸਿਲਸਿਲਾ ਜਾਰੀ ਰਿਹਾ ਅਤੇ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਅਤੇ ਸਮਾਂ ਬੀਤਣ ਨਾਲ ਭਾਈਚਾਰੇ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਸੀ ਉਸ ਸਮੇਂ ਭਾਈਚਾਰੇ ਦੀਆਂ ਲੋੜਾਂ ਅਨੁਸਾਰ ਅਧਿਆਤਮਕ ਅਤੇ ਸਮਾਜਿਕ ਕਾਰਜਾਂ ਲਈ ਗੁਰਦੁਆਰਾ ਸਾਹਿਬ ਦੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਇਨ੍ਹਾਂ ਲੋੜਾਂ ਦੇ ਮੱਦੇ ਨਜ਼ਰ ਉਸ ਸਮੇਂ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਹੋਈ। 


ਸਿੱਧੂ ਨੇ ਦੱਸਿਆ ਕਿ ਇਸ ਸਮੇਂ 80-100 ਦੇ ਕਰੀਬ ਲੋਕ ਰੋਜ਼ਾਨਾ ਗੁਰੂ ਘਰ ਵਿੱਚ ਹਾਜ਼ਰੀ ਭਰਦੇ ਹਨ ਇਸ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੀ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਨੇ ਹਮੇਸ਼ਾ ਆਪਣੀ ਸੇਵਾ ਭਾਵਨਾ ਨਾਲ ਬਾਹਰੀ ਭਾਈਚਾਰੇ ਦੇ ਲੋਕਾਂ ਦੀ ਵੀ ਵੱਧ ਚੜ੍ਹ ਕੇ ਮਦਦ ਕੀਤੀ ਹੈ ਵਿਸ਼ੇਸ਼ ਤੌਰ ਤੇ ਪਿਛਲੇ ਸਮੇਂ ਵਿੱਚ ਜੰਗਲੀ ਅੱਗਾਂ, ਹੜ੍ਹ ਅਤੇ ਹੁਣ ਕੋਵਿਡ ਦੀ ਬਿਪਤਾ ਦੇ ਸਮੇਂ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ। 
ਇਹ ਗੁਰਦੁਆਰਾ ਆਸਟ੍ਰੇਲੀਆ ਦੀ ਦੂਜੀ ਜਗ੍ਹਾ ਹੈ ਜਿਸਨੂੰ ਵਿਰਾਸਤੀ ਥਾਂ ਦਾ ਦਰਜਾ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਪੱਛਮੀ ਆਸਟ੍ਰੇਲੀਆ ਦੇ ਰਿਵਰਟਨ ਵਿੱਚ ਇਸ ਦੇਸ਼ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀ ਥਾਂ ਆਸਟ੍ਰੇਲੀਅਨ ਸਿੱਖ ਹੈਰੀਟੇਜ ਟ੍ਰਾਇਲ ਨੂੰ ਵੀ ਇਹ ਮਾਣ ਹਾਸਲ ਹੋ ਚੁੱਕਾ ਹੈ । ਗੁਰਦੁਆਰਾ ਸਾਹਿਬ ਵਿਖੇ ਇਸ ਵੇਲੇ ਸ. ਨਿਰਮਲ ਸਿੰਘ ਕੰਧੋਲਾ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਹਨ ਜੋ ਕਿ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਇੱਥੇ ਮੁੱਖ ਗ੍ਰੰਥੀ ਵਜੋਂ ਵੀ ਸੇਵਾਵਾਂ ਦਿੰਦੇ ਆਏ ਹਨ। ਗੁਰੂਦੁਆਰਾ ਸਾਹਿਬ ਦੀ ਨਵੀਂ ਇਮਾਰਤ ਅਤੇ ਹੋਰ ਕਾਰਜਾਂ ਵਿੱਚ ਸਵਰਗਵਾਸੀ ਡਾ. ਅਮਰਜੀਤ ਸਿੰਘ ਮੋਰ ਜੀ ਦੀ ਸਖਤ ਘਾਲਣਾ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਵਲਗੂਲਗਾ ਵਿਖੇ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਸਰਕਾਰ ਵਲੋਂ ਵਿਰਾਸਤੀ ਜਗ੍ਹਾ ਦਾ ਦਰਜਾ ਦਿੱਤਾ ਜਾਣਾ ਸਮੂਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।


Lalita Mam

Content Editor

Related News