ਆਸਟ੍ਰੇਲੀਆ : ਪਿਤਾ ਨੇ ਹੀ ਕੀਤਾ 6 ਮਹੀਨਿਆਂ ਦੀ ਧੀ ਦਾ ਕਤਲ

03/14/2019 1:44:43 PM

ਪਰਥ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਰਹਿਣ ਵਾਲੇ ਇਕ ਪਿਤਾ ਐਰੋਨ ਕੋਲਿਨ ਮਾਰਟਿਨ ਨੇ ਆਪਣੀ ਧੀ ਨੂੰ ਕਤਲ ਕਰਨ ਦਾ ਦੋਸ਼ ਸਵਿਕਾਰ ਲਿਆ ਹੈ। ਉਸ ਨੇ ਸੁਪਰੀਮ ਕੋਰਟ 'ਚ ਦੱਸਿਆ ਕਿ ਉਹ ਆਪਣੀ 6 ਮਹੀਨਿਆਂ ਦੀ ਬੱਚੀ ਤੋਂ ਬਹੁਤ ਪ੍ਰੇਸ਼ਾਨ ਹੋ ਗਿਆ ਸੀ ਅਤੇ ਇਸੇ ਕਾਰਨ ਇਹ ਕਦਮ ਚੁੱਕਿਆ। ਉਹ ਅਤੇ ਉਸ ਦੀ ਪਤਨੀ ਦੋਵੇਂ ਕੰਮ 'ਤੇ ਜਾਂਦੇ ਸਨ ਅਤੇ ਉਨ੍ਹਾਂ ਨੇ ਬੱਚੀ ਨੂੰ ਸੰਭਾਲਣ ਲਈ ਕੋਈ ਨੌਕਰਾਣੀ ਵੀ ਨਹੀਂ ਰੱਖੀ ਸੀ। ਉਹ ਪੈਸੇ ਬਚਾਉਣ ਕਾਰਨ ਕੰਜੂਸੀ ਕਰ ਰਹੇ ਸਨ।

ਦੋਸ਼ੀ ਪਿਤਾ ਨੇ ਦੱਸਿਆ ਕਿ ਨਵੰਬਰ 2017 ਨੂੰ ਉਹ ਕੰਮ ਤੋਂ ਵਾਪਸ ਆਇਆ ਤਾਂ ਉਸ ਦੀ ਬੱਚੀ ਇਸਾਬਿਲੇ ਲਗਾਤਾਰ ਰੋ ਰਹੀ ਸੀ। ਇਸ ਕਾਰਨ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਬੱਚੀ ਨੂੰ ਜ਼ੋਰ-ਜ਼ੋਰ ਨਾਲ ਝਿੰਜੋੜ ਕੇ ਹੇਠਾਂ ਸੁੱਟ ਦਿੱਤਾ। ਬੱਚੀ ਦੋ ਮੀਟਰ ਦੀ ਉਚਾਈ ਤੋਂ ਡਿਗੀ ਅਤੇ ਜ਼ਖਮੀ ਹੋ ਗਈ। ਮਾਰਟਿਨ ਦੇਖ ਰਿਹਾ ਸੀ ਕਿ ਬੱਚੀ ਦਾ ਸਿਰ ਸੁੱਜ ਰਿਹਾ ਹੈ ਅਤੇ ਉਸ ਦੇ ਸਾਹ ਚੱਲ ਰਹੇ ਹਨ ਪਰ ਫਿਰ ਵੀ ਉਸ ਨੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਅਤੇ ਉਸ ਨੂੰ ਮੰਜੇ 'ਤੇ ਸੁੱਟ ਕੇ ਕਮਰਾ ਛੱਡ ਕੇ ਚਲਾ ਗਿਆ ਅਤੇ ਬੱਚੀ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਨੇ ਦੋ ਵਾਰ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਉਸ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਜਿਸ ਸਮੇਂ ਉਸ ਨੇ ਅਜਿਹਾ ਕੀਤਾ, ਉਸ ਦੀ 35 ਸਾਲਾ ਪਤਨੀ ਕੰਮ 'ਤੇ ਗਈ ਸੀ ਅਤੇ ਜਦ ਉਹ ਘਰ ਪੁੱਜੀ ਤਾਂ ਇੱਥੇ ਪੁਲਸ ਸੀ। ਉਸ ਨੇ ਕਿਹਾ ਕਿ ਮਾਰਟਿਨ ਬੱਚੀ ਨੂੰ ਪਿਆਰ ਤਾਂ ਕਰਦਾ ਸੀ ਪਰ ਬੱਚੀ ਜ਼ੁਕਾਮ ਹੋਣ ਕਰਕੇ ਠੀਕ ਨਹੀਂ ਸੀ ਅਤੇ ਉਹ ਸੌਂ ਨਾ ਸਕੀ। ਮਾਰਟਿਨ ਕੰਮ ਦੀ ਥਕਾਵਟ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਪਤਨੀ ਨੇ ਕਿਹਾ ਕਿ ਉਹ ਦੋਵੇਂ ਵੱਖ-ਵੱਖ ਸਮੇਂ 'ਤੇ ਕੰਮ 'ਤੇ ਜਾਂਦੇ ਸਨ ਅਤੇ ਇਸੇ ਲਈ ਉਨ੍ਹਾਂ ਕੋਲ ਇਕ-ਦੂਜੇ ਲਈ ਘੱਟ ਹੀ ਸਮਾਂ ਹੁੰੰਦਾ ਸੀ। ਫਿਲਹਾਲ ਦੋਸ਼ੀ ਪਿਤਾ ਨੂੰ ਸਜ਼ਾ ਸੁਣਾਈ ਜਾਣੀ ਹੈ।