ਆਸਟ੍ਰੇਲੀਆ : ਬ੍ਰਿਸਬੇਨ ''ਚ ਖੇਤੀ ਕਾਨੂੰਨਾਂ ਦੇ ਵਿਰੋਧ ''ਚ ਰੋਸ ਮੁਜ਼ਾਹਰਾ

10/18/2020 11:22:30 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਟਾਇਗਮ ਵਿਖੇ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਸੰਗਤਾਂ ਵੱਲੋਂ ਭਾਰਤ ਦੀ ਮੋਦੀ ਹਕੂਮਤ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ/ਆਰਡੀਨੈਂਸ ਦੇ ਵਿਰੋਧ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵਲੋਂ ਆਪਣੀਆਂ ਤਕਰੀਰਾਂ 'ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ,  ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ, ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨਾਲ ਪੰਜਾਬ ਦੀ ਕਿਸਾਨੀ ਤੇ ਜਵਾਨੀ ਤਬਾਹ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਡੇ ਪੁਰਖਿਆਂ ਦੀਆਂ ਖੂਨ-ਪਸੀਨੇ ਨਾਲ ਬਣਾਈਆ ਜਮੀਨਾ ਦੇ ਹੱਕ- ਹਕੂਕਾ ਤੋਂ ਜਬਰੀ ਵਾਝਾਂ ਕਰ ਕੇ  ਕਿਸਾਨਾਂ ਤੇ ਮਜਦੂਰਾਂ ਨੂੰ ਪੂਜੀਪਤੀਆ ਦੇ ਗੁਲਾਮ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਕਿਸਾਨੀ, ਅਰਥਚਾਰੇ ਨੂੰ ਬੁਚਾਉਣ ਤੇ ਪੰਜਾਬੀਅਤ ਦੇ ਲੋਕ ਪੱਖੀ ਮੁੱਦਿਆਂ ਲਈ ਸਾਰੀਆ ਸਿਆਸੀ ਜਮਾਤਾ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਣਾ ਪਵੇਗਾ। ਪ੍ਰਵਾਸੀ ਭਾਈਚਾਰਾ ਕਿਸਾਨੀ ਸੰਘਰਸ਼ 'ਚ ਪੰਜਾਬ ਵੱਸਦੇ ਭਰਾਵਾਂ ਨਾਲ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਢੇ ਨਾਲ ਮੋਢਾ ਲਾ ਕੇ ਹਮਾਇਤ ਕਰੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਲਾਲੀ, ਜਗਜੀਤ ਖੋਸਾ, ਬਹਾਦਰ ਸਿੰਘ, ਹਰਜੋਤ ਸਿੰਘ ਲਸਾੜਾ, ਅੰਗਰੇਜ ਸਿੰਘ, ਬੱਬਲੂ ਦਿਉਲ, ਗੁਰਦੀਪ ਸਿੰਘ, ਸੋਨੀ ਸਿੱਧੂ, ਬਿੰਦਾ ਗਿੱਲ, ਅਮਨਦੀਪ ਸਿੰਘ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ।

 

Lalita Mam

This news is Content Editor Lalita Mam