ਜਾਸੂਸ ਨੂੰ ਜ਼ਹਿਰ ਦੇਣ ਦਾ ਮਾਮਲਾ : ਆਸਟ੍ਰੇਲੀਆ ਵੀ ਦੋ ਰੂਸੀ ਅਧਿਕਾਰੀਆਂ ਨੂੰ ਕੱਢੇਗਾ

03/27/2018 3:41:06 PM

ਮੈਲਬੌਰਨ (ਭਾਸ਼ਾ)— ਬ੍ਰਿਟੇਨ ਵਿਚ ਇਕ ਸਾਬਕਾ ਰੂਸੀ ਜਾਸੂਸ ਨੂੰ ਮਾਸਕੋ ਵਲੋਂ ਜ਼ਹਿਰ ਦਿੱਤੇ ਜਾਣ ਦੇ ਮੁੱਦੇ 'ਤੇ ਆਸਟ੍ਰੇਲੀਆ ਸਰਕਾਰ ਨੇ ਦੋ ਰੂਸੀ ਅਧਿਕਾਰੀਆਂ ਨੂੰ ਕੱਢਣ ਦਾ ਐਲਾਨ ਕਰ ਦਿੱਤਾ ਹੈ। ਅਧਿਕਾਰੀਆਂ ਨੂੰ ਇਕ ਹਫਤੇ ਅੰਦਰ ਆਸਟ੍ਰੇਲੀਆ ਛੱਡਣ ਦੇ ਨਿਰਦੇਸ਼ ਦਿੱਤੇ ਜਾਣਗੇ। ਆਸਟ੍ਰੇਲੀਆ ਦੇ ਇਸ ਕਦਮ ਤੋਂ ਬਾਅਦ ਉਹ ਬ੍ਰਿਟੇਨ, ਅਮਰੀਕਾ, ਯੂਰਪੀ ਸੰਘ ਦੇ 14 ਮੈਂਬਰ ਦੇਸ਼ ਅਤੇ ਹੋਰ ਸਹਿਯੋਗੀ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਈ ਡਿਪਲੋਮੈਟਾਂ ਨੂੰ ਆਪਣੇ ਦੇਸ਼ 'ਚੋਂ ਕੱਢਣ ਦਾ ਐਲਾਨ ਕੀਤਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਦੋ ਰੂਸੀ ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢਣ ਦਾ ਹੁਕਮ ਜਾਰੀ ਕਰਦੇ ਹਨ।
ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, ''ਵਿਆਨਾ ਸੰਧੀ ਦੇ ਉਲਟ ਕਦਮਾਂ ਕਾਰਨ ਦੋ ਰੂਸੀ ਡਿਪਲੋਮੈਟਾਂ, ਜਿਨ੍ਹਾਂ ਦੀ ਪਛਾਣ ਅਣਐਲਾਨੇ ਖੁਫੀਆ ਅਧਿਕਾਰੀਆਂ ਦੇ ਤੌਰ 'ਤੇ ਹੋਈ ਹੈ, ਨੂੰ ਆਸਟ੍ਰੇਲੀਆ ਵਲੋਂ ਕੱਢਿਆ ਜਾਵੇਗਾ।
ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਬੇਟੀ ਯੂਲੀਆ ਦੋਵੇਂ ਬ੍ਰਿਟੇਨ ਦੇ ਹਸਪਤਾਲ 'ਚ ਭਰਤੀ ਹਨ। ਦੋਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਿਸ਼ਪ ਨੇ ਦੱਸਿਆ ਕਿ ਆਸਟ੍ਰੇਲੀਆ ਦਾ ਫੈਸਲਾ ਜਾਸੂਸ 'ਤੇ ਹਮਲੇ ਦੀ ਹੈਰਾਨ ਕਰਨ ਵਾਲੀ ਗੱਲ ਹੈ।