ਸੁਰਖੀਆਂ ''ਚ ਆਏ ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਨੂੰ ਮਿਲਿਆ ਟਰਨਬੁੱਲ ਦਾ ਸਾਥ

02/09/2018 4:07:50 PM

ਕੈਨਬਰਾ (ਵਾਰਤਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੰਸਦ ਮੈਂਬਰਾਂ ਦੇ ਆਪਣੇ ਸਟਾਫ ਨਾਲ ਸੰਬੰਧਾਂ 'ਤੇ ਰੋਕ ਲਾਉਣ ਵਾਲੇ ਪ੍ਰਸਤਾਵਤ ਕਾਨੂੰਨ ਦਾ ਵਿਰੋਧ ਕਰਦੇ ਹਨ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਨੇ ਵਿਆਹੁਤਾ ਹੋਣ ਦੇ ਬਾਵਜੂਦ ਆਪਣੀ ਪ੍ਰੈੱਸ ਸਕੱਤਰ ਨਾਲ ਸੰਬੰਧ ਬਣਾਏ। ਜੌਇਸ ਦੀ ਪਤਨੀ ਨੇ ਇਸ ਹਫਤੇ ਇਸ ਗੱਲ ਦੀ ਪੁਸ਼ਟੀ ਕੀਤੀ। ਇਸ ਖਬਰ ਤੋਂ ਬਾਅਦ ਜੌਇਸ ਦੀ ਪਤਨੀ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ ਅਤੇ ਉਨ੍ਹਾਂ ਦੀ ਪ੍ਰੇਮਿਕਾ ਗਰਭਵਤੀ ਹੈ, ਜਿਸ ਨੂੰ ਲੈ ਕੇ ਦੇਸ਼ 'ਚ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਆਜ਼ਾਦ ਸੰਸਦ ਮੈਂਬਰ ਕੈਥੀ ਮੈਕਗੋਵਨ ਨੇ ਕਿਹਾ ਕਿ ਸੰਸਦ ਮੈਂਬਰਾਂ ਦਰਮਿਆਨ ਅਤੇ ਉਨ੍ਹਾਂ ਦੇ ਸਟਾਫ ਨਾਲ ਸੰਬੰਧਾਂ 'ਤੇ ਰੋਕ ਲਾਉਣ ਵਾਲੇ ਅਮਰੀਕੀ ਕਾਂਗਰਸ ਵਲੋਂ ਪਾਸ ਕਾਨੂੰਨ ਦੀ ਤਰਜ਼ 'ਤੇ ਇਕ ਕਾਨੂੰਨ ਲਿਆਂਦਾ ਜਾ ਸਕਦਾ ਹੈ। ਟਰਨਬੁੱਲ ਨੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਬਾਲਗਾਂ ਦਰਮਿਆਨ ਆਪਸੀ ਸਹਿਮਤੀ ਨਾਲ ਬਣਾਏ ਗਏ ਸੰਬੰਧਾਂ 'ਤੇ ਰੋਕ ਲਾਉਣਾ ਨਿਆਂ ਮੁਤਾਬਕ ਉੱਚਿਤ ਨਹੀਂ ਹੈ। ਦੱਸਣਯੋਗ ਹੈ ਕਿ ਟਰਨਬੁੱਲ ਦੀ ਸਰਕਾਰ ਸੰਸਦ ਵਿਚ ਇਕ ਸੀਟ ਦੇ ਮਾਮੂਲੀ ਬਹੁਮਤ ਨਾਲ ਸੱਤਾ ਵਿਚ ਹੈ ਅਤੇ ਅਗਲੇ ਸਾਲ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਸਰਕਾਰ ਕਿਸੇ ਵੀ ਤਰ੍ਹਾਂ ਵੋਟਰਾਂ ਦਾ ਸਮਰਥਨ ਗੁਆਉਣਾ ਨਹੀਂ ਚਾਹੁੰਦੀ।