ਆਸਟ੍ਰੇਲੀਆ ’ਚ ਮੂੰਗਾ ਚਟਾਨਾਂ ਬਹੁਤ ਖਰਾਬ ਸ਼੍ਰੇਣੀ ਦੀ ਸਥਿਤੀ ’ਚ

09/02/2019 10:01:45 AM

ਸਿਡਨੀ (ਬਿਊਰੋ)— ਇਨਸਾਨੀ ਜਿੱਦ ਕਾਰਨ ਗਲੋਬਲ ਵਾਰਮਿੰਗ ਦਾ ਅਸਰ ਪੂਰੀ ਦੁਨੀਆ ਵਿਚ ਦਿੱਸ ਰਿਹਾ ਹੈ। ਇਸ ਦੇ ਬਾਵਜੂਦ ਬਚਾਅ ਦੇ ਪੱਕੇ ਉਪਾਅ ਨਹੀਂ ਕੀਤੇ ਜਾ ਰਹੇ ਹਨ। ਅੱਜ ਸਮੁੰਦਰ ਦੇ ਵੱਧਦੇ ਤਾਪਮਾਨ ਕਾਰਨ ਆਸਟ੍ਰੇਲੀਆ ਵਿਚ ਸਥਿਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੂੰਗਾਂ ਚਟਾਨਾਂ ‘ਗੇ੍ਰਟ ਬੈਰੀਅਰ ਰੀਫ’ ਖਰਾਬ ਤੋਂ ਹੁਣ ਬਹੁਤ ਜ਼ਿਆਦਾ ਖਰਾਬ ਸ਼੍ਰੇਣੀ ਵਿਚ ਪਹੁੰਚ ਗਈਆਂ ਹਨ। ਉੱਥੇ ਦੁਨੀਆ ਦਾ ਫੇਫੜੇ ਕਹੇ ਜਾਣ ਵਾਲੇ ਅਮੇਜ਼ਨ ਵਰਖਾ ਵਣਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੁੰਦੀਆਂ ਦਿੱਸ ਰਹੀਆਂ ਹਨ।

ਆਸਟ੍ਰੇਲੀਆ ਵਿਚ ਸਥਿਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੂੰਗਾਂ ਚਟਾਨਾਂ ‘ਗ੍ਰੇਟ ਬੈਰੀਅਰ ਰੀਫ’ ਹੁਣ ਬਹੁਤ ਖਰਾਬ ਸ਼ੇ੍ਰਣੀ ਵਿਚ ਪਹੁੰਚ ਗਈਆਂ ਹਨ। ਇਨ੍ਹਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰ ਅਧਿਕਾਰਕ ਆਸਟ੍ਰੇਲੀਆਈ ਏਜੰਸੀ ਗ੍ਰੇਟ ਬੈਰੀਅਰ ਰੀਫ ਮਰੀਨ ਪਾਰਕ ਅਥਾਰਿਟੀ (ਜੀ.ਪੀ.ਆਰ.ਐੱਮ.ਪੀ.ਏ.) ਨੇ ਇਕ ਰਿਪੋਰਟ ਵਿਚ ਸਮੁੰਦਰ ਦੇ ਵੱਧਦੇ ਤਾਪਮਾਨ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਏਜੰਸੀ ਮੁਤਾਬਕ ਜੇਕਰ ਜਲਦੀ ਤੋਂ ਜਲਦੀ ਇਸ ਨੂੰ ਬਚਾਉਣ ਦੇ ਉਪਾਅ ਨਹੀਂ ਕੀਤੇ ਗਏ ਤਾਂ ਭਵਿੱਖ ਵਿਚ ਕੁਈਨਜ਼ਲੈਂਡ ਦੇ ਕੋਰਲ ਸਾਗਰ ਸਥਿਤ 2,300 ਕਿਲੋਮੀਟਰ ਲੰਬੀ ਮੂੰਗਾ ਦੀਆਂ ਇਨ੍ਹਾਂ ਚਟਾਨਾਂ ਨੂੰ ਸੁਰੱਖਿਅਤ ਰੱਖ ਪਾਉਣਾ ਮੁਸ਼ਕਲ ਹੋ ਜਾਵੇਗਾ। ਗ੍ਰੇਟ ਬੈਰੀਅਰ ਰੀਫ ਯੂਨੇਸਕੋ ਦੀ ਗਲੋਬਲ ਵਿਰਾਸਤਾਂ ਦੀ ਸੂਚੀ ਵਿਚ ਸ਼ਾਮਲ ਹੈ। 

ਉੱਧਰ ਪਿਛਲੇ 48 ਘੰਟਿਆਂ ਵਿਚ ਅਮੇਜ਼ਨ ਦੇ ਜੰਗਲਾਂ ਵਿਚ 2000 ਤੋਂ ਵੱਧ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਗੌਰਤਲਬ ਹੈ ਕਿ ਜਨਵਰੀ ਤੋਂ ਲੈ ਕੇ ਅਗਸਤ ਤੱਕ ਬ੍ਰਾਜ਼ੀਲ ਦੇ ਅਮੇਜ਼ਨ ਜੰਗਲਾਂ ਵਿਚ ਕੁੱਲ 88,816 ਅੱਗ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।

Vandana

This news is Content Editor Vandana