NSW : ਜੰਗਲੀ ਅੱਗ ਦੇ ਘੇਰੇ 'ਚ ਫਸੇ ਕਈ, ਹੁਣ ਤਕ 17 ਲੋਕਾਂ ਦੀ ਮੌਤ

01/02/2020 1:17:19 PM

ਸਿਡਨੀ— ਦੱਖਣੀ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ ਤੇ ਬਹੁਤੇ ਲੋਕ ਘਰਾਂ ਨੂੰ ਛੱਡ ਕੇ ਸੁਰੱਖਿਅਤ ਬਚਣ ਲਈ ਭੱਜੇ ਪਰ ਬਦਕਿਸਮਤੀ ਨਾਲ ਜੰਗਲੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਹ ਆਪਣੇ ਵਾਹਨਾਂ 'ਚ ਬੈਠੇ ਹੀ ਝੁਲਸ ਗਏ ਤੇ ਮੌਤ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਲੇਕ ਕੰਜੋਲਾ 'ਚ ਅੱਗ ਫੈਲਣ ਮਗਰੋਂ ਮੰਗਲਵਾਰ ਨੂੰ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਇਕ ਘਰ ਦੇ ਬਾਹਰੋਂ ਮਿਲੀ। ਯਾਟੇ ਯਾਟਾਹ ਅਤੇ ਸਸੈਕਸ ਇਨਲੇਟ 'ਚ ਵੱਖ-ਵੱਖ ਸੜੇ ਹੋਏ ਵਾਹਨਾਂ 'ਚੋਂ ਬੁੱਧਵਾਰ ਨੂੰ ਦੋ ਲਾਸ਼ਾਂ ਕੱਢੀਆਂ ਗਈਆਂ। ਇਕ ਹੋਰ ਵਿਅਕਤੀ ਦੀ ਲਾਸ਼ ਉਸ ਦੀ ਗੱਡੀ 'ਚੋਂ ਮਿਲੀ। ਇਕ ਹੋਰ ਘਰ 'ਚੋਂ 63 ਸਾਲਾ ਵਿਅਕਤੀ ਤੇ ਉਸ ਦੇ 29 ਸਾਲਾ ਪੁੱਤ ਦੀ ਲਾਸ਼ ਮਿਲੀ। ਫਾਇਰ ਫਾਈਟਰਜ਼ ਨੇ ਕਿਹਾ ਕਿ ਇਹ ਬਹੁਤ ਦੁਖ ਦੀ ਗੱਲ ਹੈ ਕਿ ਲੋਕ ਜਾਨ ਬਚਾਉਣ ਲਈ ਤੇਜ਼ੀ ਨਾਲ ਭੱਜ ਰਹੇ ਸਨ ਪਰ ਫਿਰ ਵੀ ਮੌਤ ਨੇ ਉਨ੍ਹਾਂ ਨੂੰ ਘੇਰ ਲਿਆ।
PunjabKesari

ਬਚਾਅ ਅਧਿਕਾਰੀਆਂ ਨੇ ਕਈ ਹੋਰ ਇਲਾਕਿਆਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਅੱਗ ਲੱਗਣ ਦਾ ਖਦਸ਼ਾ ਹੈ। ਵਿਕਟੋਰੀਆ ਸੂਬੇ ਦੇ ਮੁੱਖ ਮੰਤਰੀ ਨੇ ਵੀ ਇਸ ਮੰਦਭਾਗੀ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਇਹ ਹੈ ਕਿ ਖਤਰੇ ਵਾਲੇ ਇਲਾਕਿਆਂ 'ਚੋਂ ਲੋਕਾਂ ਨੂੰ ਕੱਢਿਆ ਜਾਵੇ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਸਕੇ।

ਨਿਊ ਸਾਊਥ ਵੇਲਜ਼ 'ਚ 50,000 ਘਰਾਂ ਦੀ ਬਿਜਲੀ ਬੰਦ ਹੈ ਤੇ 2500 ਫਾਇਰ ਫਾਈਟਰਜ਼ 100 ਥਾਵਾਂ 'ਤੇ ਲੱਗੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਥਾਵਾਂ 'ਤੇ ਰਸਤੇ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਮੈਡੀਕਲ ਅਤੇ ਹੋਰ ਜ਼ਰੂਰੀ ਸਹਾਇਤਾ ਪਹੁੰਚਾਈ ਜਾ ਰਹੀ ਹੈ।


Related News