ਡਾ. ਬਰਨਾਰਡ ਮਲਿਕ ਪਾਪੂਆ ਨਿਊ ਗਿਨੀ ਸਰਕਾਰ ਵੱਲੋਂ ਰਾਜਦੂਤ ਨਿਯੁਕਤ

10/01/2019 4:43:58 PM

ਬ੍ਰਿਸਬੇਨ (ਸਤਵਿੰਦਰ ਟੀਨੂੰ)— ਬ੍ਰਿਸਬੇਨ ਰਹਿੰਦੇ ਆਸਟ੍ਰੇਲੀਆ ਦੇ ਮਸ਼ਹੂਰ ਸਿੱਖਿਆ ਸ਼ਾਸਤਰੀ ਅਤੇ ਸਫਲ ਕਾਰੋਬਾਰੀ ਡਾ. ਬਰਨਾਰਡ ਮਲਿਕ ਨੂੰ ਬੀਤੇ ਦਿਨੀ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਮਾਣਯੋਗ ਜੇਮਸ ਮਰਾਪੇ ਵੱਲੋਂ ਸਿੱਖਿਆ, ਵਪਾਰ ਅਤੇ ਨਿਵੇਸ਼ ਦੇ ਅਦਾਨ-ਪ੍ਰਦਾਨ ਲਈ ਰਾਜਦੂਤ ਨਿਯੁਕਤ ਕੀਤਾ ਗਿਆ ਹੈ । ਪ੍ਰਧਾਨ ਮੰਤਰੀ ਜੇਮਸ ਮਰਾਪੇ ਵੱਲੋ ਇਹ ਫੈਸਲਾ ਡਾ. ਮਲਿਕ ਦੀ ਪੀ.ਐਨ.ਜੀ. ਨਾਲ ਲੰਬੇ ਸਮੇਂ ਤੋਂ ਚਲਦੀ ਆ ਰਹੀ ਵਪਾਰਕ ਅਤੇ ਨਿਵੇਸ਼ ਦੀ ਸਾਂਝ ਨੂੰ ਮੱਦੇਨਜ਼ਰ ਰੱਖਦੇ ਲਿਆ ਗਿਆ । 

17 ਸਤੰਬਰ ਨੂੰ ਡਾ. ਮਲਿਕ ਦੀ ਨਿਯੁਕਤੀ ਤੇ ਮੋਹਰ ਲਾਉਂਦਿਆਂ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇਸ਼ ਦੇ ਵਿਕਾਸ ਲਈ ਹਮੇਸ਼ਾ ਤੋ ਹੀ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਡਾ. ਮਲਿਕ ਦੀ ਦਿਲਚਸਪੀ ਉਹਨਾਂ ਨੂੰ ਇਸ ਅਹੁਦੇ ਲਈ ਯੋਗ ਕਰਾਰ ਦਿੰਦੀ ਹੈ । ਡਾ. ਮਲਿਕ ਨੇ ਅਹੁਦੇ ਦੀ ਪ੍ਰਵਾਨਗੀ ਕਰਦਿਆਂ ਮਰਾਪੇ ਨੂੰ ਪੀ.ਐਨ.ਜੀ. ਦੇ ਵਿਕਾਸ ਲਈ ਅੰਤਰਰਾਸ਼ਟਰੀ ਸੈਮੀਨਾਰਾਂ ਰਾਹੀ ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਲਿਆਉਣ ਦਾ ਵਾਅਦਾ ਕੀਤਾ । 

PunjabKesari

ਗੌਰਤਲਬ ਹੈ ਡਾ ਮਲਿਕ ਆਸਟ੍ਰੇਲੀਆ ਦੀਆਂ ਨਾਮਵਰ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ । ਡਾ. ਮਲਿਕ ਲੰਮੇ ਸਮੇਂ ਤੋਂ ਬ੍ਰਿਸਬੇਨ ਵਿੱਚ ਕਈ ਸਿੱਖਿਆ ਸੰਸਥਾਵਾਂ ਚਲਾ ਰਹੇ ਹਨ । ਅਮਰੀਕਾ ਵਿੱਚ ਸਫਲ ਕਾਰੋਬਾਰੀ ਸਥਾਪਤ ਹੋਣ ਤੋਂ ਬਾਅਦ ਉਹ 2009 ਵਿੱਚ ਆਸਟ੍ਰੇਲੀਆ ਪਰਿਵਾਰ ਸਮੇਤ ਆਏ ਸਨ । ਬ੍ਰਿਸਬੇਨ ਚਲਦੇ ਕਾਲਜਾਂ ਤੋ ਇਲਾਵਾ ਮਲਿਕ ਭਾਰਤ ਦੇ ਮੇਘਾਲਿਆ ਸੂਬੇ ਵਿਚ ਉਪਨ ਯੂਨੀਵਰਸਿਟੀ ਵੀ ਚਲਾ ਰਹੇ ਹਨ । 

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਹਰ ਇੱਕ ਤੱਕ ਲਾਜ਼ਮੀ ਸਿੱਖਿਆ ਪਹੁੰਚਾਉਣ ਲਈ ਉਹ ਭਵਿੱਖ ਵਿਚ ਹੋਰਨਾਂ ਦੇਸ਼ਾਂ ਵਿੱਚ ਵੀ ਸਿੱਖਿਆ ਦੇ ਅਦਾਰੇ ਖੋਲ੍ਹਣਾ ਚਾਹੁੰਦੇ ਹਨ । ਡਾ. ਮਲਿਕ ਭਾਰਤ ਦੇ ਸਦਨ ਤੋਂ ਲੈ ਕੇ ਅਮਰੀਕਾ ਦੇ ਸਦਨ ਤੱਕ ਬਤੌਰ ਸਿੱਖਿਆ ਸ਼ਾਸਤਰੀ ਪ੍ਰਤੀਨਿਧਤਾ ਕਰ ਚੁੱਕੇ ਹਨ । ਜ਼ਿਕਰਯੋਗ ਹੈ ਡਾ. ਮਲਿਕ ਨੂੰ ਇਸੇ ਸਾਲ ਭਾਰਤ ਸਰਕਾਰ ਵੱਲੋਂ 'ਹਿੰਦ ਰਤਨ ਐਵਾਰਡ' ਨਾਲ ਵੀ ਨਿਵਾਜਿਆ ਗਿਆ ਹੈ ।


Vandana

Content Editor

Related News