ਆਸਟ੍ਰੇਲੀਆ 'ਚ ਪੰਜਾਬੀ ਦੀ 15 ਸਕਿੰਟਾਂ ਦੀ ਅਣਗਹਿਲੀ ਨੇ ਕਰਾ ਦਿੱਤੀ 6 ਸਾਲ ਦੀ ਸਜ਼ਾ

11/06/2018 1:25:57 PM

ਸਿਡਨੀ(ਏਜੰਸੀ)— ਆਸਟ੍ਰੇਲੀਆ 'ਚ ਕਈ ਲੋਕਾਂ 'ਤੇ ਇਕ ਪੰਜਾਬੀ ਮੂਲ ਦੇ ਵਿਅਕਤੀ ਦੀ 15 ਸਕਿੰਟਾਂ ਦੀ ਅਣਗਹਿਲੀ ਭਾਰੀ ਪਈ। ਉਸ ਦੀ ਅਣਗਹਿਲੀ ਕਾਰਨ ਪਿਛਲੇ ਸਾਲ ਇਕ ਸੜਕ ਹਾਦਸਾ ਵਾਪਰਿਆ ਸੀ, ਜਿਸ 'ਚ 3 ਬਜ਼ੁਰਗਾਂ ਦੀ ਮੌਤ ਹੋ ਗਈ ਸੀ। ਬੀਤੇ ਦਿਨ ਵਿਕਟੋਰੀਆ ਦੀ ਅਦਾਲਤ ਨੇ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਤਿੰਦਰ ਪਨੇਸਰ ਨੂੰ ਸੜਕ ਹਾਦਸੇ 'ਚ ਦੋਸ਼ੀ ਠਹਿਰਾਉਂਦਿਆਂ ਉਸ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਦੱਸਣਯੋਗ ਹੈ ਕਿ ਮੈਲਬੌਰਨ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਥਿਤ ਕਸਬੇ ਸ਼ੈਪਰਟਨ ਵਿਚ ਪਿਛਲੇ ਸਾਲ ਵਾਪਰੇ ਸੜਕ ਹਾਦਸੇ 'ਚ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ ਸੀ ਅਤੇ ਹੋਰ ਕਈ ਗੰਭੀਰ ਜ਼ਖਮੀ ਹੋ ਗਏ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਜਤਿੰਦਰ ਪਨੇਸਰ ਦੀ ਟੈਕਸੀ ਬਿਰਧ ਕੇਂਦਰ ਦੀ ਇਕ ਛੋਟੀ ਬੱਸ ਨਾਲ ਟਕਰਾ ਗਈ ਤੇ ਉਲਟ ਗਈ, ਜਿਸ 'ਚ 3 ਬਜ਼ੁਰਗਾਂ ਦੀ ਮੌਤ ਹੋ ਗਈ।


ਕੇਸ ਦੀ ਸੁਣਵਾਈ ਦੌਰਾਨ ਮ੍ਰਿਤਕਾਂ ਦੇ ਰਿਸ਼ਤੇਦਾਰ, ਬਿਰਧ ਕੇਂਦਰ ਦੀ ਮੈਨੇਜਰ ਅਤੇ ਪਨੇਸਰ ਦਾ ਪਰਿਵਾਰ ਵੀ ਹਾਜ਼ਰ ਸੀ। ਸਜ਼ਾ ਸੁਣਾਉਂਦਿਆਂ ਜੱਜ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਦੋਸ਼ੀ ਹਾਦਸੇ ਮੌਕੇ ਨਾ ਸ਼ਰਾਬ ਤੇ ਨਾ ਹੀ ਕਿਸੇ ਹੋਰ ਨਸ਼ੇ 'ਚ ਸੀ ਪਰ ਚੌਕ 'ਚ 15 ਸਕਿੰਟਾਂ ਦੀ ਬੇਧਿਆਨੀ ਹੀ ਇਸ ਹਾਦਸੇ ਦਾ ਕਾਰਨ ਬਣੀ। 6 ਸਾਲ ਦੀ ਸਜ਼ਾ ਦੌਰਾਨ ਜਤਿੰਦਰ ਪਨੇਸਰ ਤਿੰਨ ਸਾਲ ਬਾਅਦ ਪੈਰੋਲ ਲਈ ਅਰਜ਼ੀ ਦਾਖਲ ਕਰ ਸਕੇਗਾ। ਅਦਾਲਤ 'ਚ ਪੀੜਤਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਨੇਸਰ ਨਾਲ ਕੋਈ ਗੁੱਸਾ ਨਹੀਂ ਹੈ ਕਿਉਂਕਿ ਉਸ ਨੇ ਜਾਣ-ਬੁੱਝ ਕੇ ਇਸ ਘਟਨਾ ਨੂੰ ਅੰਜਾਮ ਨਹੀਂ ਦਿੱਤਾ। ਹਾਲਾਂਕਿ ਇਸ ਹਾਦਸੇ ਨੇ ਉਨ੍ਹਾਂ ਨੂੰ ਜੋ ਜ਼ਖਮ ਦਿੱਤੇ ਹਨ, ਉਹ ਭਰ ਨਹੀਂ ਸਕਦੇ।