ਆਸਟ੍ਰੇਲੀਆ : ਮਦਦ ਲਈ ਪੁੱਜੇ ਹਜ਼ਾਰਾਂ ਲੋਕ, ਰਾਹਤ ਸਮੱਗਰੀ ਨਾਲ ਭਰੇ ਫਾਇਰ ਸਟੇਸ਼ਨ ਤੇ ਫੁੱਟਬਾਲ ਮੈਦਾਨ

01/14/2020 10:52:10 AM

ਸਿਡਨੀ— ਆਸਟ੍ਰੇਲੀਆ ਦੇ 136 ਜੰਗਲੀ ਖੇਤਰਾਂ 'ਚ ਲੱਗੀ ਭਿਆਨਕ ਅੱਗ ਕਾਰਨ 1.4 ਕਰੋੜ ਹੈਕਟੇਅਰ ਇਲਾਕਾ ਸੜ ਚੁੱਕਾ ਹੈ। 100 ਕਰੋੜ ਤੋਂ ਜ਼ਿਆਦਾ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਦੋ ਹਜ਼ਾਰ ਤੋਂ ਵਧੇਰੇ ਘਰ ਸੜ ਚੁੱਕੇ ਹਨ। ਹੁਣ ਤਕ ਦੁਨੀਆ ਭਰ ਦੇ ਲੋਕਾਂ ਵਲੋਂ ਆਸਟ੍ਰੇਲੀਆ ਨੂੰ ਇਕ ਹਜ਼ਾਰ ਕਰੋੜ ਰੁਪਏ ਦਾਨ 'ਚ ਦਿੱਤੇ ਗਏ ਹਨ। ਲੋਕ ਰਾਸ਼ਨ, ਪਾਣੀ, ਕੱਪੜੇ, ਜੁੱਤੀਆਂ, ਦਵਾਈਆਂ ਵਰਗੇ ਰੋਜ਼ਾਨਾ ਦੇ ਸਮਾਨ ਭੇਜ ਰਹੇ ਹਨ। ਅਜਿਹੇ ਸਮਾਨਾਂ ਨਾਲ ਫਾਇਰ ਸਟੇਸ਼ਨ, ਕਮਿਊਨਿਟੀ ਹਾਲ, ਫੁੱਟਬਾਲ ਗਰਾਊਂਡ ਅਤੇ ਕਲੱਬ ਭਰ ਗਏ ਹਨ। ਦੁਨੀਆ ਭਰ ਤੋਂ 33 ਹਜ਼ਾਰ ਵਲੰਟੀਅਰ ਮਦਦ ਲਈ ਪੁੱਜੇ ਹਨ।

ਔਰਤਾਂ ਦਾ ਸਮੂਹ ਦਿਨ-ਰਾਤ ਕਰ ਰਿਹੈ ਕੰਮ—
ਨਾਰਥ ਵਿਕਟੋਰੀਆ 'ਚ ਮਹਿਲਾ ਫਾਇਰ ਫਾਈਟਰਜ਼ ਦੀ 100 ਤੋਂ ਜ਼ਿਆਦਾ ਔਰਤਾਂ ਦਾ ਸਮੂਹ ਰਾਤ-ਦਿਨ ਅੱਗ ਬੁਝਾਉਣ ਦਾ ਕੰਮ ਕਰ ਰਿਹਾ ਹੈ। ਦੁਨੀਆ 'ਚ ਕ੍ਰੋਕੋਡਾਇਲ ਮੈਨ ਦੇ ਨਾਂ ਤੋਂ ਮਸ਼ਹੂਰ ਸਟੀਵ ਇਰਵਿਨ ਦਾ ਪਰਿਵਾਰ ਜੁਟਿਆ ਹੈ। ਸਟੀਵ ਦੀ ਪਤਨੀ ਟੇਰੀ, ਧੀ ਅਤੇ ਪੁੱਤ ਰਾਬਰਟ ਜੰਗਲੀ ਜਾਨਵਰਾਂ ਦੀ ਸੇਵਾ 'ਚ ਲੱਗੇ ਹਨ। ਆਸਟ੍ਰੇਲਆਈ ਕਾਮੇਡੀਅਨ ਸੇਲੇਸਟ ਬਾਰਬਰ ਨੇ 50 ਮਿਲੀਅਨ ਡਾਲਰ (355 ਕਰੋੜ ਰੁਪਏ) ਇਕੱਠੇ ਕੀਤੇ ਹਨ। ਫੇਸਬੁੱਕ ਦੇ ਪਲੈਟਫਾਰਮ 'ਤੇ ਚੈਰਿਟੀ ਲਈ ਜੁਟਾਈ ਗਈ ਇਹ ਸਭ ਤੋਂ ਵੱਡੀ ਰਕਮ ਹੈ।