ਆਸਟ੍ਰੇਲੀਆ : ਪਿਤਾ ਦੇ ਅੰਤਿਮ ਸੰਸਕਾਰ ਦੌਰਾਨ ਜਦੋਂ ਬੇਟੀ ਨੇ ਪਹਿਨ ਲਿਆ ਹੇਲਮਟ

01/09/2020 5:20:45 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਫਾਇਰ ਫਾਈਟਰਾਂ ਦੀਆਂ ਕੋਸ਼ਿਸ਼ਾਂ ਅਤੇ ਮੀਂਹ ਪੈਣ ਦੇ ਬਾਵਜੂਦ ਅੱਗ ਨਹੀਂ ਬੁਝੀ ਹੈ। ਇਸ ਜੰਗਲੀ ਅੱਗ ਨੇ ਕਈ ਇਨਸਾਨਾਂ ਅਤੇ ਸੈਂਕਰੇ ਜਾਨਵਰਾਂ ਦੀ ਜਾਨ ਲੈ ਲਈ ਹੈ। ਇਸੇ ਸਿਲਸਿਲੇ ਵਿਚ ਅੱਗ ਬੁਝਾਉਣ ਦੌਰਾਨ ਜਾਨ ਗਵਾਉਣ ਵਾਲੇ ਫਾਇਰ ਫਾਈਟਰ ਦੇ ਅੰਤਿਮ ਸੰਸਕਾਰ ਦੌਰਾਨ ਇਕ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਸਿਡਨੀ ਵਿਚ ਜਦੋਂ 26 ਸਾਲ ਦੇ ਐਂਡਰਿਊ ਓਡਵਾਇਰ ਦੀਆਂ ਆਖਰੀ ਰਸਮਾਂ ਪੂਰੀਆਂ ਹੋ ਰਹੀਆਂ ਸਨ ਉਦੋਂ ਉਹਨਾਂ ਦੀ 19 ਮਹੀਨੇ ਦੀ ਬੇਟੀ ਨੇ ਉਹਨਾਂ ਦਾ ਹੇਲਮਟ ਪਹਿਨ ਲਿਆ। ਇਸ ਨੂੰ ਦੇਖ ਉੱਥੇ ਮੌਜੂਦ ਸਾਰੇ ਲੋਕ ਭਾਵੁਕ ਹੋ ਗਏ। 

PunjabKesari

ਬੇਟੀ ਨੂੰ ਪਿਤਾ ਦਾ ਹੇਲਮਟ ਪਹਿਨੇ ਦੇਖ ਪੇਂਡੂ ਦਮਕਲ ਸੇਵਾ ਦੇ ਕਮਿਸ਼ਨਰ ਸ਼ੇਨ ਫਿਟਜ਼ਸਾਈਮਨਜ਼ ਨੇ ਕਿਹਾ,''ਤੁਹਾਡੇ ਪਿਤਾ ਬਹੁਤ ਮਹਾਨ ਸਨ। ਉਹ ਸਾਨੂੰ ਛੱਡ ਕੇ ਚਲੇ ਗਏ ਕਿਉਂਕਿ ਉਹ ਰੀਅਲ ਹੀਰੋ ਸਨ।'' ਅਸਲ ਵਿਚ 19 ਦਸੰਬਰ ਨੂੰ ਅੱਗ ਬੁਝਾਉਣ ਦੌਰਾਨ ਐਂਡਰਿਊ ਓਡਵਾਇਰ ਅਤੇ ਉਹਨਾਂ ਦੇ ਸਹਾਇਕ ਜਿਫ੍ਰੇਰੇ ਕੀਟਨ 'ਤੇ ਬਲਦਾ ਹੋਇਆ ਰੁੱਖ ਡਿੱਗ ਪਿਆ ਸੀ। ਇਸ ਕਾਰਨ ਦੋਹਾਂ ਦੀ ਮੌਤ ਹੋ ਗਈ। ਨਿਊ ਸਾਊਥ ਵੇਲਜ਼ ਦੀ ਪੇਂਡੂ ਫਾਇਰ ਸਰਵਿਸ ਵਿਚ ਐਂਡਰਿਊ ਸੀਨੀਅਰ ਵਾਲੰਟੀਅਰ ਸਨ। ਮੰਗਲਵਾਰ ਨੂੰ ਉਹਨਾਂ ਨੂੰ ਹਜ਼ਾਰਾਂ ਫਾਇਰ ਫਾਈਟਰਾਂ ਨੇ ਗਾਰਡ ਆਫ ਆਨਰ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੀ ਮੌਜੂਦ ਸਨ।

PunjabKesari

ਅੰਤਿਮ ਸੰਸਕਾਰ ਦੌਰਾਨ ਐਂਡਰਿਊ ਦੀ ਬੇਟੀ ਸ਼ਾਰਲੋਟ ਨੂੰ ਪਿਤਾ ਦੀ ਬਹਾਦੁਰੀ ਅਤੇ ਸਾਹਸ ਲਈ ਮੈਡਲ ਦਿੱਤਾ ਗਿਆ। ਆਸਟ੍ਰੇਲੀਆ ਦੇ ਜੰਗਲਾਂ ਵਿਚ ਬੀਤੇ 4 ਮਹੀਨਿਆਂ ਤੋਂ ਅੱਗ ਲੱਗੀ ਹੋਈ ਹੈ। ਇਸ ਨਾਲ 90 ਫੀਸਦੀ ਇਲਾਕਾ ਪ੍ਰਭਾਵਿਤ ਹੋਇਆ ਹੈ। ਇਸ ਦੀ ਚਪੇਟ ਵਿਚ 50 ਕਰੋੜ ਜਾਨਵਰ ਅਤੇ ਜੀਵ-ਜੰਤੂ ਸੜ ਕੇ ਮਰ ਚੁੱਕੇ ਹਨ। 3 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਗਏ ਹਨ ਉੱਥੇ ਅੱਗ ਵਿਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਇਸ ਦੌਰਾਨ ਆਸਟ੍ਰੇਲੀਆਈ ਜੰਗਲੀ ਅੱਗ ਦਾ ਧੂੰਆਂ ਹੁਣ ਨੇੜਲੇ ਦੇਸ਼ਾਂ ਵਿਚ ਪਹੁੰਚਣਾ ਸ਼ੁਰੂ ਹੋ ਗਿਆ ਹੈ।


Vandana

Content Editor

Related News